image caption:

ਇੱਕ ਨਵੀਂ ਚਰਚਾ ਸੁਣੀ: ਬਾਦਲ ਚੁੱਪ-ਚਾਪ ਕਿਸੇ ਵੇਲੇ ਟਕਸਾਲੀ ਆਗੂਆਂ ਦੇ ਘਰ ਜਾਣਗੇ

ਲੁਧਿਆਣਾ- ਮਾਝੇ ਦੇ ਟਕਸਾਲੀ ਆਗੂਆਂ ਨੇ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਬਹਾਲ ਕਰਨ ਦਾ ਜਿਹੜਾ ਐਲਾਨ ਕੀਤਾ ਅਤੇ ਸੁਖਦੇਵ ਸਿੰਘ ਢੀਂਡਸਾ, ਲੁਧਿਆਣੇ ਵਾਲੇ ਬੈਂਸ ਭਰਾਵਾਂ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਸੱਦਾ ਭੇਜਿਆ ਹੈ, ਉਸ ਨਾਲ ਬਾਦਲ ਅਕਾਲੀ ਦਲ ਵਿੱਚ ਖਲਬਲੀ ਵਿੱਚ ਨਵੀਂ ਚਰਚਾ ਸੁਣੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸਥਿਤੀ ਵਿੱਚ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਕਿਸੇ ਵੇਲੇ ਵੀ ਅੰਮ੍ਰਿਤਸਰ ਤੇ ਗੁਰਦਾਸਪੁਰ ਜਿ਼ਲਿਆਂ ਵਾਲੇ ਟਕਸਾਲੀ ਅਕਾਲੀ ਆਗੂਆਂ ਦੇ ਘਰੀਂ ਪਹੁੰਚ ਕਰ ਸਕਦੇ ਹਨ। ਜਾਣਕਾਰ ਸੂਤਰਾਂ ਮੁਤਾਬਕ ਟਕਸਾਲੀ ਆਗੂਆਂ ਦੇ ਬਿਆਨ ਉੱਤੇ ਸਿਰਫ ਮਹੇਸ਼ ਇੰਦਰ ਸਿੰਘ ਗਰੇਵਾਲ ਵੱਲੋਂ ਹੀ ਪ੍ਰਤੀਕਿਰਿਆ ਸੁਣੀ ਗਈ ਸੀ, ਬਾਕੀ ਸੀਨੀਅਰ ਆਗੂ ਬਹੁਤਾ ਕਰ ਕੇ ਚੁੱਪ ਰਹੇ ਹਨ। ਪਾਰਲੀਮੈਂਟ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਾਫ ਕਿਹਾ ਕਿ ਅਸੀਂ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਤੱਕ ਜਾਵਾਂਗੇ, ਉਨ੍ਹਾਂ ਦੀ ਮਿੰਨਤ ਵੀ ਕਰਾਂਗੇ, ਕਿਉਂਕਿ ਉਨ੍ਹਾਂ ਦੇ ਜਾਣ ਅਤੇ ਨਵੀਂ ਪਾਰਟੀ ਬਣਾਉਣ ਨਾਲ ਅਕਾਲੀ ਦਲ ਨੂੰ ਖੋਰਾ ਲੱਗੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਕਹਿਣਾ ਹੈ ਕਿ ਟਕਸਾਲੀ ਆਗੂਆਂ ਦੀ ਪੁੱਛ ਨਾ ਹੋਣ ਉਤੇ ਹੀ ਉਹ ਏਦਾਂ ਦਾ ਕਦਮ ਪੁੱਟਣ ਲੱਗੇ ਹਨ। ਉਨ੍ਹਾਂ ਨੇ ਪਾਰਟੀ ਲਈ ਜੇਲ੍ਹਾਂ ਕੱਟੀਆਂ ਅਤੇ ਵੱਡੇ ਮੋਰਚੇ ਲਾਏ ਹਨ, ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਇਸ ਵੇਲੇ ਚਰਚਾ ਹੈ ਕਿ ਇਹ ਸਾਰੇ ਸੀਨੀਅਰ ਆਗੂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਦਬਾਅ ਪਾ ਕੇ ਇਹ ਹਾਲਾਤ ਪੈਦਾ ਕਰ ਸਕਦੇ ਹਨ ਟਕਸਾਲੀ ਆਗੂਆਂ ਨੂੰ ਮਨਾਉਣ ਲਈ ਇੱਕ ਵਾਰ ਫਿਰ ਪਾਰਟੀ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਕੇ ਵਕਤ ਟਪਾ ਲਵੇ।