image caption:

ਇਮਰਾਨ ਖਾਨ ਨੇ ਕਿਹਾ: ਕਰਤਾਪੁਰ ਲਾਂਘੇ ਨੂੰ ਖੋਲ੍ਹਣਾ ਕੋਈ ਗੁਗਲੀ ਸੁੱਟਣਾ ਨਹੀਂ

ਇਸਲਾਮਾਬਾਦ- ਭਾਰਤ-ਪਾਕਿ ਦਰਮਿਆਨ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਕਰਤਾਪੁਰ ਲਾਂਘਾ ਖੋਲ੍ਹਣਾ ਗੁਗਲੀ ਸੁੱਟਣਾ ਨਹੀਂ, ਸਗੋਂ ਇਹ ਉਨ੍ਹਾਂ ਦਾ ਸਪੱਸ਼ਟ ਫੈਸਲਾ ਸੀ।
ਵਰਨਣ ਯੋਗ ਹੈ ਕਿ ਪਿਛਲੇ ਵੀਰਵਾਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਤਿਹਾਸਿਕ ਕਰਤਾਪੁਰ ਲਾਂਘੇ ਦੇ ਨੀਂਹ-ਪੱਥਰ ਸਮਾਰੋਹ ਦੇ ਲਈ ਭਾਰਤ ਸਰਕਾਰ ਦੀ ਹਾਜ਼ਰੀ ਨੂੰ ਯਕੀਨੀ ਕਰਨ ਲਈ ਇਕ ਗੁਗਲੀ ਸੁੱਟੀ ਸੀ, ਜਿਸ ਵਿਚ ਭਾਰਤ ਫਸ ਗਿਆ। ਕੁਰੈਸ਼ੀ ਦੇ ਬਿਆਨ ਦੀ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਤਿੱਖੀ ਆਲੋਚਨਾ ਕੀਤੀ ਸੀ। ਜਾਣਕਾਰ ਸੂਤਰਾਂ ਦੇ ਅਨੁਸਾਰ ਇਮਰਾਨ ਖਾਨ ਨੇ ਕਿਹਾ ਕਿ ਕਰਤਾਪੁਰ ਲਾਂਘੇ ਨੂੰ ਖੋਲ੍ਹਣਾ ਗੁਗਲੀ ਸੁੱਟਣਾ ਜਾਂ ਦੋਹਰੀ ਖੇਡ ਨਹੀਂ, ਇਹ ਸਪੱਸ਼ਟ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਭਾਰਤ ਨਾਲ ਸ਼ਾਂਤੀ ਪੂਰਨ ਸਬੰਧ ਬਣਾਉਣ ਲਈ ਬੇਹਦ ਗੰਭੀਰ ਹੈ। ਉਨ੍ਹਾਂ ਕਰਤਾਰਪੁਰ ਲਾਂਘੇ ਨੂੰ ਵਿਕਸਿਤ ਕਰਨ ਲਈ 28 ਨਵੰਬਰ ਨੂੰ ਇਤਿਹਾਸਕ ਸਮਾਰੋਹ ਕੀਤਾ ਸੀ, ਜਿਸ ਮੌਕੇ ਭਾਰਤੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਮੌਜੂਦ ਸਨ। ਇਹ ਲਾਂਘਾ ਕਰਤਾਰਪੁਰ ਗੁਰੂਦੁਆਰੇ ਨੂੰ ਭਾਰਤ ਦੇ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਨਾਲ ਜੋੜੇਗਾ। ਬਾਅਦ ਵਿਚ ਦੋਵੇਂ ਵਿਦੇਸ਼ ਮੰਤਰੀਆਂ ਨੇ ਇਕ-ਦੂਜੇ ''ਤੇ ਇਸ ਮੌਕੇ ਨੂੰ ਰਾਜਨੀਤਕ ਲਾਭ ਲਈ ਵਰਤਣ ਦਾ ਦੋਸ਼ ਲਾਏ ਸਨ।