image caption: ਰਜਿੰਦਰ ਸਿੰਘ ਪੁਰੇਵਾਲ

ਪੰਜਾਬ ਦੇ ਨੌਜੁਆਨਾਂ ਦੀ ਅਗਵਾਈ ਕੌਣ ਕਰੂ??

    ਕਿਸੇ ਵੀ ਸਮਾਜ, ਮੁਲਕ ਦੀ ਤਰੱਕੀ ਤੇ ਉਜਾੜਾ ਨੌਜੁਆਨ ਕਿਧਰ ਨੂੰ ਜਾਂਦੇ ਹਨ, ਇਸ ਉੱਤੇ ਨਿਰਭਰ ਹੁੰਦਾ ਹੈ, ਤੇ ਨੌਜੁਆਨਾਂ ਦੇ ਪੈਰ ਕਿਧਰ ਨੂੰ ਜਾ ਰਹੇ ਹਨ, ਇਹ ਉਸ ਦਸ਼ਾ ਤੇ ਦਿਸ਼ਾ ਉੱਤੇ ਨਿਰਭਰ ਹੁੰਦਾ ਹੈ ਜੋ ਉਸ ਮੁਲਕ ਜਾਂ ਸਮਾਜ ਦੇ ਪ੍ਰਭਾਵਸ਼ਾਲੀ ਲੋਕ ਤੈਅ ਕਰਦੇ ਹਨ। ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਜਵਾਨੀ ਦਹਾਕਿਆਂ ਤੋਂ ਦਿਸ਼ਾਹੀਣ ਹੋਈ ਭਟਕ ਰਹੀ ਹੈ, ਨਾ ਤਾਂ ਸਮਾਜਿਕ ਤੌਰ 'ਤੇ ਤੇ ਨਾ ਆਰਥਿਕ ਤੌਰ 'ਤੇ ਤੇ ਨਾ ਸਿਆਸੀ ਤੌਰ 'ਤੇ ਨੌਜੁਆਨਾਂ ਨੂੰ ਕੋਈ ਸੁਚੱਜੀ ਸੇਧ ਦੇਣ ਲਈ ਯੋਗ ਸਮਰਥਾ ਨਹੀਂ ਦਿਖਾ ਰਿਹਾ। ਪੰਜਾਬ ਦੇ ਫਿਕਰਮੰਦ ਵੀ ਚਿੰਤਾ ਜਤਾ ਰਹੇ ਹਨ ਕਿ ਅੱਜ ਪੰਜਾਬ ਵਿਚ ਘੁੱਪ ਹਨੇਰਾ ਹੈ ਕਿਉਂਕਿ ਪੰਜਾਬ ਦੀਆਂ ਸਾਰੀਆਂ ਸਥਾਪਿਤ  ਧਿਰਾਂ ਅਤੇ ਨਵੀਂ ਪੈਦਾ ਹੋਈ ਆਮ ਆਦਮੀ ਪਾਰਟੀ ਪੰਜਾਬ ਨੂੰ ਖਾਸ ਕਰਕੇ ਨੌਜੁਆਨਾਂ ਨੂੰ  ਕੋਈ ਸਾਰਥਿਕ ਸੇਧ  ਦੇਣ ਤੋਂ ਪੂਰੀ ਤਰ੍ਹਾਂ  ਅਸਮਰੱਥ ਹਨ। ਬਾਦਲਕਿਆਂ ਦੀ 10 ਸਾਲ ਦੀ ਲੁੱਟ-ਘੁੱਟ ਤੋਂ ਤੰਗ ਆਏ ਪੰਜਾਬੀਆਂ ਨੇ, ਕੈਪਟਨ ਤੇ ਭਰੋਸਾ ਕਰਦਿਆ ਉਸ ਨੂੰ ਪੰਜਾਬ ਦੀ ਵਾਗਡੋਰ ਸੰਭਾਲੀ ਸੀ ਪ੍ਰੰਤੂ  ਪਹਿਲੇ 8 ਮਹੀਨਿਆਂ ਵਿਚ ਹੀ ਕੈਪਟਨ ਅਤੇ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਉੱਠ ਗਿਆ। ਆਮ ਆਦਮੀ ਪਾਰਟੀ ਵੀ ਅੰਦੂਰਨੀ ਕਾਟੋਂ ਕਲੇਸ ਦਾ ਸ਼ਿਕਾਰ ਹੋ ਕੇ ਲੋਕਾਂ ਦੀਆਂ ਆਸਾਂ ਉਮੀਦਾਂ ਤੋਂ ਖ਼ਾਸੀ ਦੂਰ ਚੱਲੀ ਗਈ ਹੈ, ਅਜਿਹੇ ਸਮੇਂ ਪੰਜਾਬ ਦੇ ਲੋਕ ਕਿਸੇ ਜੁਝਾਰੂ ਇਨਕਲਾਬੀ, ਸਿਆਣੀ, ਦੂਰ ਦ੍ਰਿਸ਼ਟੀ ਵਾਲੀ ਪੰਜਾਬ ਹਿਤੈਸ਼ੀ ਲੀਡਰਸ਼ਿਪ ਦੀ ਉਡੀਕ ਕਰ ਰਹੇ ਹਨ ਅਤੇ ਉਨ੍ਹਾਂ ਦੀ ਸਭ ਤੋਂ ਵੱਡੀ ਟੇਕ ਨੌਜਵਾਨ ਲੀਡਰਸ਼ਿਪ ਤੇ ਲੱਗੀ ਹੋਈ ਹੈ। ਪੰਜਾਬ ਦੀ ਬਦਕਿਸ਼ਮਤੀ ਹੀ ਆਖੀ ਜਾ ਸਕਦੀ ਹੈ ਕਿ ਅਜਿਹੇ ਸਮੇਂ ਵੀ ਜਵਾਨੀ ਲਈ ਰੋਲ ਮਾਡਲ ਬਣ ਵਾਲਾ ਕੋਈ ਨੌਜਵਾਨ ਆਗੂ ਉਭਰਦਾ ਦਿਖਾਈ ਨਹੀ ਰਿਹਾ। ਧਾਰਮਿਕ, ਰਾਜਨੀਤਕ ਆਰਥਿਕ ਤੇ ਸੱਭਿਆਚਾਰਕ ਸਾਰੇ ਖੇਤਰਾਂ ਵਿਚ ਨਿਘਾਰ ਹੀ ਨਿਘਾਰ ਹੈ, ਜਿਸ ਕਾਰਣ ਉਹ ਪੰਜਾਬ, ਜਿਸ ਦੀ ਪਵਿੱਤਰ ਧਰਤੀ ਤੋਂ ਦੁਨੀਆ ਨੂੰ ਇਨਕਲਾਬੀ ਅਗਵਾਈ ਦੇਣ ਦੀ ਲਹਿਰ ਪੈਦਾ ਹੋਈ ਸੀ, ਅੱਜ ਪੂਰੀ ਤਰ੍ਹਾਂ ਦਿਸ਼ਾਹੀਣ ਹੋਣ ਕਾਰਣ ਆਪਣੀ ਦਸ਼ਾ ਵੀ ਗੁਆ ਰਿਹਾ ਹੈ ਅਤੇ ਇਸਦਾ ਸਭ ਤੋਂ ਮਾੜਾ ਪ੍ਰਭਾਵ ਸਾਡੀ ਨਵੀਂ-ਪੀੜ੍ਹੀ ਭਾਵ ਜੁਆਨੀ ਦੇ ਭਟਕਣ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ, ਪ੍ਰੰਤੂ ਅਫਸੋਸ ਹੈ ਕਿ ਇਸ ਭਟਕੀ ਜੁਆਨੀ ਨੂੰ ਸਹੀ ਅਗਵਾਈ ਦੇਣ ਲਈ ਅੱਜ ਕੋਈ ਯੋਗ ਆਗੂ ਕਿਧਰੇ ਵਿਖਾਈ ਨਹੀਂ ਦਿੰਦਾ। ਅੱਜ ਪੰਜਾਬ ਵਿਚ  ਨਵਜੋਤ ਸਿੱਧੂ, ਸੁਖਬੀਰ ਬਾਦਲ, ਮਨਪ੍ਰੀਤ ਬਾਦਲ, ਸੁਖਪਾਲ ਖਹਿਰਾ, ਭਗਵੰਤ ਮਾਨ, ਸਿਮਰਜੀਤ ਸਿੰਘ ਬੈਂਸ ਵਰਗੇ ਨੌਜਵਾਨ ਆਗੂ ਜੁਆਨੀ ਨੂੰ ਆਪੋ-ਆਪਣੀ ਅਗਵਾਈ ਵਿਚ ਇਕੱਠੇ ਕਰਨ ਲਈ ਯਤਨਸ਼ੀਲ ਹਨ, ਪ੍ਰੰਤੂ ਜੁਆਨੀ ਇਨ੍ਹਾਂ ਵਿਚੋਂ ਕੋਈ ਵੀ ਰੋਲ ਮਾਡਲ ਨੂੰ ਮੰਨਣ ਲਈ ਤਿਆਰ ਨਹੀਂ ਹੈ. ਸੱਚਮੁੱਚ ਪੰਜਾਬ ਦੀ ਜਵਾਨੀ ਅੱਜ ਵੱਡੀ ਭਟਕਣ ਦੀ ਸ਼ਿਕਾਰ ਹੈ। ਅੰਦਰੋਂ-ਅੰਦਰੀ ਹੀ ਕੁਝ ਉਸ ਨੂੰ ਘੁਣ ਵਾਂਗ ਖਾਂਦਾ ਪ੍ਰਤੀਤ ਹੋ ਰਿਹਾ ਹੈ। ਜੇ ਤੁਸੀਂ ਸੁਹਿਰਦਤਾ ਨਾਲ ਪੰਜਾਬ ਦੀ ਜਵਾਨੀ ਵੱਲ ਨਿਗਾਹ ਘੁਮਾਓ ਤਾਂ ਤੁਹਾਨੂੰ ਇਹ ਮਹਿਸੂਸ ਨਹੀਂ ਹੋਵੇਗਾ ਕਿ ਇਹ ਨੌਜਵਾਨ ਗੁਰੂਆਂ ਦੀ ਧਰਤੀ ਦੇ ਜੰਮਪਲ ਹਨ, ਬਲਕਿ ਇਸ ਤਰ੍ਹਾਂ ਲੱਗੇਗਾ ਕਿ ਇਹ ਮੁੰਬਈ, ਦਿੱਲੀ ਜਾਂ ਕਿਸੇ ਹੋਰ ਵੱਡੇ ਮੈਟਰੋ ਸ਼ਹਿਰਾਂ ਦੇ ਬਾਸ਼ਿੰਦੇ ਹਨ। ਭੀੜੀਆਂ-ਭੀੜੀਆਂ ਪੈਂਟਾਂ ਪਾ ਕੇ, ਬੇਢੱਗੇ ਢੰਗ ਨਾਲ ਕੱਟੇ ਵਾਲਾਂ ਨੂੰ ਇਕ ਖਾਸ ਅੰਦਾਜ਼ ਵਿੱਚ ਸੰਵਾਰਦੇ, ਕੰਨਾਂ ਵਿੱਚ ਨੱਤੀਆਂ ਜਿਹੀਆਂ ਪਾ ਕੇ ਇਕ ਵੱਖਰੀ ਹੀ ਕਿਸਮ ਦੀ 'ਮਸਤੀ' ਵਿੱਚ ਝੂੰਮਦੇ ਇਹ ਜਵਾਨ ਵਾਕਿਆ ਹੀ ਪੰਜਾਬ ਦੇ ਬਾਂਕੇ ਗੱਭਰੂ ਨਹੀਂ ਜਾਪਦੇ। ਪੰਜਾਬ ਦੇ ਇਨ੍ਹਾਂ ਨੌਜਵਾਨਾਂ ਦਾ ਪਹਿਰਾਵਾ ਜਾਂ ਖਾਣ-ਪੀਣ ਹੀ ਤਬਦੀਲ ਨਹੀਂ ਹੋਇਆ ਸਗੋਂ ਇਨ੍ਹਾਂ ਦੇ ਸੁਹਜ ਸਵਾਦ, ਇਨ੍ਹਾਂ ਦੀ ਸੰਗੀਤਕ ਖਿੱਚ ਅਤੇ ਇਨ੍ਹਾਂ ਦੀਆਂ ਮੌਲਿਕ ਆਦਤਾਂ ਵੀ ਬਿਲਕੁਲ ਹੀ ਤਬਦੀਲ ਹੋ ਗਈਆਂ ਹਨ। ਇਹ ਗੱਭਰੂ ਮਾਨਸਿਕ ਤੌਰ ਤੇ ਕਿਸੇ ਹੋਰ ਹੀ ਧਰਤੀ 'ਤੇ ਵਸਦੇ ਮਹਿਸੂਸ ਹੁੰਦੇ ਹਨ। ਨਿੱਤ ਦਿਨ ਬੱਸਾਂ-ਗੱਡੀਆਂ ਵਿੱਚ ਸਫਰ ਕਰਦੇ ਸਮੇਂ ਜਦੋਂ ਤੁਸੀਂ ਇਨ੍ਹਾਂ ਨੌਜਵਾਨਾਂ ਦੇ ਕਿਸੇ ਵੱਡੇ ਟੋਲੇ ਜਾਂ ਛੋਟੇ ਸਮੂੰਹ ਦੀਆਂ ਗੱਲਾਂਬਾਤਾਂ ਧਿਆਨ ਨਾਲ ਸੁਣਦੇ ਹੋ ਇਨ੍ਹਾਂ ਦੀਆਂ ਹਰਕਤਾਂ ਨੂੰ ਗਹੁ ਨਾਲ ਵਾਚਦੇ ਹੋ ਤਾਂ ਤੁਹਾਨੂੰ ਇਸ ਵਿੱਚੋਂ ਪੰਜਾਬੀਅਤ ਦੀ ਖੁਸ਼ਬੂ ਨਹੀਂ ਆਉਂਦੀ। ਇਹ ਵਰਤਾਰਾ ਸਾਧਾਰਨ ਪੰਜਾਬੀ ਨੌਜਵਾਨਾਂ ਜਾਂ ਘੱਟ ਪੜ੍ਹੇ-ਲਿਖੇ ਨੌਜਵਾਨਾਂ ਉੱਤੇ ਹੀ ਨਹੀਂ ਵਰਤ ਰਿਹਾ ਬਲਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਮੈਦਾਨਾਂ ਅਤੇ ਹੋਸਟਲਾਂ ਵਿੱਚ ਤੁਸੀਂ ਨਸ਼ੇ ਦੀ ਦਵਾਈ ਪੀ ਕੇ ਆਪਣੇ ਹੀ ਅੰਦਾਜ਼ ਵਿੱਚ ਗੱਲਾਂ ਮਾਰਦੇ ਨਿੱਕੇ-ਨਿੱਕੇ ਫਲਸਫਈਆਂ ਦੇ ਦਰਸ਼ਨ ਵੀ ਕਰ ਸਕਦੇ ਹੋ। ਬੇਸ਼ੱਕ ਇਹ ਨੌਜਵਾਨ ਕਿਸੇ ਗੰਭੀਰ ਜਾਪਦੇ ਵਿਸ਼ੇ ਉੱਤੇ ਵਾਰਸਾਂ ਦੀਆਂ ਅੱਖਾਂ ਵਿੱਚੋਂ ਤੁਸੀਂ ਇਕ ਵੱਖਰੀ ਕਿਸਮ ਦੀ ਭਟਕਣ ਅਤੇ ਨਿਰਾਸ਼ਾ ਨੂੰ ਸਹਿਜੇ ਹੀ ਪੜ੍ਹ ਸਕਦੇ ਹੋ। ਨਿਰਸੰਦੇਹ ਅੱਜ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਭਟਕਣ ਦਾ ਸ਼ਿਕਾਰ ਹੈ। ਮਾਤਾ ਪਿਤਾ ਇਹ ਸ਼ਿਕਾਇਤ ਕਰ ਰਿਹਾ ਹੈ ਕਿ ਸਾਡੀ ਜਵਾਨੀ ਦੇ ਸੁਹਜ-ਸਵਾਦ ਹੀ ਬਦਲ ਗਏ ਹਨ। ਉਨ੍ਹਾਂ ਨੇ ਆਪਣੇ ਵਿਰਸੇ ਨੂੰ ਤਿਆਗ ਕੇ ਪੱਛਮੀ ਵਿਰਸਾ ਅਪਣਾ ਲਿਆ ਹੈ, ਅਧਿਆਪਕਾਂ ਦੀ ਸ਼ਿਕਾਇਤ ਹੈ ਕਿ ਕਲਾਸਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਹਰ ਕੋਈ ਆਪੋ ਆਪਣੀ ਜਗ੍ਹਾ ਨੌਜਵਾਨੀ ਦੇ ਸਿਰ ਦੋਸ਼ ਮੜ੍ਹ ਕੇ ਸੁਰਖਰੂ ਹੋਈ ਜਾ ਰਿਹਾ ਹੈ ਅਤੇ ਕਟਹਿਰੇ ਵਿੱਚ ਖੜ੍ਹਦੀ ਜਾ ਰਹੀ ਸਾਡੀ ਜਵਾਨੀ। ਪੰਜਾਬ ਦੀ ਜਵਾਨੀ ਦੀ ਭਟਕਣ ਲਈ ਕੌਣ ਜ਼ਿੰਮੇਵਾਰ ਹੈ? ਪੰਜਾਬ ਦੀ ਨੌਜਵਾਨੀ ਆਪਣੇ ਆਪ ਹੀ ਇਸ ਕੁਰਾਹੇ ਉੱਤੇ ਨਹੀਂ ਤੁਰ ਪਈ ਬਲਕਿ ਉਸ ਲਈ ਸਾਡੇ ਸਮਾਜ ਵੱਲੋਂ 'ਸਿਰਜੀਆਂ' ਜਾ ਰਹੀਆਂ ਕਦਰਾਂ-ਕੀਮਤਾਂ ਜ਼ਿੰਮੇਵਾਰ ਹਨ। ਸਾਡੇ ਸਮਾਜ ਦਾ ਨੌਜਵਾਨੀ ਪ੍ਰਤੀ ਗੈਰ-ਜ਼ਿੰਮੇਵਾਰੀ ਵਾਲਾ ਵਤੀਰਾ ਇਸ ਭਟਕਣ ਲਈ ਬਹੁਤ ਵੱਡੀ ਹੱਦ ਤੱਕ ਜ਼ਿੰਮੇਵਾਰ ਹੈ। ਅੱਜ ਜਦੋਂ ਸਾਰੀ ਦੁਨੀਆਂ ਆਪਣੇ ਸੁਨਹਿਰੇ ਭਵਿੱਖ ਲਈ ਆਪਣੀ ਜਵਾਨੀ ਦੀ ਮਾਨਸਿਕ ਅਤੇ ਸਰੀਰਕ ਨਿੱਗਰਤਾ ਲਈ ਦਿਨ-ਰਾਤ ਫਿਕਰਮੰਦ ਹੈ, ਉਥੇ ਸਾਡੀ ਰਾਜਸੀ ਲੀਡਰਸ਼ਿਪ ਜਾਂ ਨੀਤੀ-ਘਾੜਿਆਂ ਦੀ ਕਿਸੇ ਨੀਤੀ ਜਾਂ ਪ੍ਰੋਗਰਾਮ ਵਿੱਚ ਨੌਜਵਾਨ ਸ਼ਾਮਲ ਨਹੀਂ ਹਨ। ਅਸੀਂ ਨੌਜਵਾਨਾਂ ਨੂੰ ਮਹਿਜ਼ ਨਾਅਰੇ ਮਾਰਨ ਜਾਂ ਨੈਤਿਕ ਖੁਦਕੁਸ਼ੀ ਕਰਨ ਵਾਲੀਆਂ ਚੀਜ਼ਾਂ ਸਮਝ ਰੱਖਿਆ ਹੈ। ਨੌਜਵਾਨ ਸਾਡੀ ਕਿਸੇ ਵੀ ਗਿਣਤੀ ਮਿਣਤੀ ਦਾ ਹਿੱਸਾ ਨਹੀਂ ਹਨ। ਆਪਣੀ ਨੌਜਵਾਨੀ ਨੂੰ ਇਕ ਸਾਰਥਕ ਦਿਸ਼ਾ ਦੇਣ ਦੀ ਸਭ ਤੋਂ ਵੱਡੀ ਨੈਤਿਕ ਜ਼ਿੰਮੇਵਾਰੀ ਉਸ ਸਮਾਜ ਦੀ ਹੁੰਦੀ ਹੈ ਜਿਸ ਦਾ ਕਿ ਉਹ ਨੌਜਵਾਨ ਅੰਗ ਹੁੰਦੇ ਹਨ। ਉਸ ਸਮਾਜ ਦੇ ਰਾਜਸੀ ਅਤੇ ਬੌਧਿਕ ਨੁਮਾਇੰਦਿਆਂ ਨੇ ਆਪਣੇ ਵਿਰਸੇ ਨੂੰ ਜਵਾਨ ਕਰਨਾ ਹੁੰਦਾ ਹੈ। ਕਿਸੇ ਵੀ ਸਮਾਜ ਦੇ ਨੁਮਾਇੰਦਿਆਂ ਦੀ ਨੈਤਿਕ ਜ਼ਿੰਮੇਵਾਰੀ ਆਪਣੇ ਲੋਕਾਂ ਵਿੱਚ ਇਕ ਸਵੈਮਾਣ ਦੀ ਭਾਵਨਾ ਭਰਨ ਦੀ ਹੁੰਦੀ ਹੈ, ਨੈਤਿਕ ਕਦਰਾਂ-ਕੀਮਤਾਂ ਮਹਿਜ਼ ਸਿਖਾਈਆਂ ਨਹੀਂ ਜਾਂਦੀਆਂ ਬਲਕਿ ਸਮਾਜ ਦੇ ਜ਼ਿੰਮੇਵਾਰ ਅੰਗਾਂ ਵੱਲੋਂ ਉਨ੍ਹਾਂ ਉੱਤੇ ਜ਼ਿੰਦਗੀ ਭਰ ਪਹਿਰਾ ਦੇਣਾ ਹੁੰਦਾ ਹੈ। ਜਿਨ੍ਹਾਂ ਦੀ ਮਾਨਸਿਕਤਾ ਵਿੱਚ ਆਪਣੇ ਲੋਕਾਂ ਪ੍ਰਤੀ ਜਵਾਬਦੇਹੀ ਦੀ ਭਾਵਨਾ ਹੁੰਦੀ ਹੈ, ਉਨ੍ਹਾਂ ਨੂੰ ਤਾਂ ਰਾਤਾਂ ਨੂੰ ਨੀਂਦ ਨਹੀਂ ਆਇਆ ਕਰਦੀ। ਬਾਬਾ ਗੁਰੂ ਨਾਨਕ ਦੇਵ ਸਾਹਿਬ  ਇਸ ਦੀ ਸਭ ਤੋਂ ਵੱਡੀ ਉਦਾਹਰਣ ਹਨ।  ਕਿਸੇ ਵੀ ਸਮਾਜ ਦੀ ਰਾਜਸੀ ਨੁਮਾਇੰਦਗੀ ਕਰਨ ਦਾ ਮਤਲਬ ਮਹਿਜ਼ ਸੱਤਾ ਪ੍ਰਾਪਤ ਕਰਕੇ ਸੁੱਖ ਸਹੂਲਤਾਂ ਮਾਣਨਾ ਨਹੀਂ ਹੁੰਦਾ ਸਗੋਂ ਰਾਜਸੀ ਨੇਤਾਵਾਂ ਨੂੰ ਤਾਂ ਸੱਭਿਅਤਾ ਦੇ ਗਰਾਫ ਨੂੰ ਉੱਤੇ ਚੁੱਕਣ ਲਈ ਆਪਣੇ ਐਸ਼ੋ-ਆਰਾਮ ਦੀ ਵੀ ਕੁਰਬਾਨੀ ਦੇਣੀ ਪੈਂਦੀ ਹੈ। ਰਾਜਸੀ ਨੁਮਾਇੰਦੇ ਆਪਣੇ ਸਮਾਜ ਲਈ ਇਕ 'ਮਾਡਲ' ਹੋਣੇ ਚਾਹੀਦੇ ਹਨ ਪਰ ਸਾਡੇ ਸਮਾਜ ਦਾ ਦੁਖਾਂਤ ਇਹ ਹੈ ਕਿ ਸਾਡਾ ਮਾਡਲ ਹੀ ਔਝੜ ਰਾਹੇ ਪੈ ਗਿਆ ਹੈ। ਇਸ ਹਕੀਕਤ ਨੂੰ ਜਿਹੜੀ ਕੌਮ ਦੇ ਭਵਿੱਖ ਨਾਲ ਜੁੜੀ ਹੋਈ ਹੈ, ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈਕਿ ਪੰਜਾਬ ਦੀ ਨੌਜਵਾਨੀ ਆਪਣੇ 'ਮਾਡਲ' ਤੋਂ ਵਿਰਵੀ ਹੋ ਗਈ ਹੈ। ਆਪਣੇ ਏਨੇ ਵੱਡੇ ਸਮਾਜ ਵਿੱਚ ਉਸ ਨੂੰ ਕੋਈ ਵੀ ਵਿਅਕਤੀ ਅਜਿਹਾ ਨਹੀਂ ਮਿਲ ਰਿਹਾ ਜੋ ਉਸ ਦੀ ਮਾਨਸਿਕ ਤੌਰ 'ਤੇ ਨੁਮਾਇੰਦਗੀ ਕਰ ਸਕੇ।
ਰਜਿੰਦਰ ਸਿੰਘ ਪੁਰੇਵਾਲ