image caption: ਤਸਵੀਰ: ਬਲਬਿੰਦਰ ਸਿੰਘ ਨੰਨੂਆ

ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਪਾਕਿਸਤਾਨ 'ਚ ਅੱਖਾਂ ਦੇ ਮੁਫ਼ਤ ਕੈਂਪਾਂ ਦੌਰਾਨ ਇਕ ਸਾਲ 'ਚ 30 ਹਜ਼ਾਰ ਲੋਕਾਂ ਦਾ ਇਲਾਜ ਕੀਤਾ - ਭਾਈ ਨੰਨੂਆ

ਡਰਬੀ (ਪੰਜਾਬ ਟਾਈਮਜ਼) - ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਯੂ ਕੇ ਤੇ ਕੈਨੇਡਾ ਦੇ ਮੁੱਖ ਸੇਵਾਦਾਰ ਭਾਈ ਬਲਬਿੰਦਰ ਸਿੰਘ ਨੰਨੂਆ ਨੇ ਦੱਸਿਆ ਕਿ ਉਹ ਇਸ ਸੰਸਥਾ ਵੱਲੋਂ ਪਕਿਸਤਾਨ ਵਿੱਚ ਸ੍ਰੀ ਨਨਕਾਣਾ ਸਾਹਿਬ ਵਿਖੇ 2013 ਤੋਂ ਅੱਖਾਂ ਦੇ ਇਲਾਜ ਲਈ ਮੁਫ਼ਤ ਕੈਂਪ ਲਗਾਉਂਦੇ ਆ ਰਹੇ ਹਨ । ਉਹਨਾਂ ਕਿਹਾ ਜਿਹਨਾਂ ਸੰਗਤਾਂ ਨੇ ਇਹ ਕੈਂਪ ਲਗਾਉਣ ਤੱਕ ਮਾਇਕ ਜਾਂ ਕਿਸੇ ਵੀ ਤਰ੍ਹਾਂ ਮਦਦ ਕੀਤੀ ਉਹਨਾਂ ਸਾਰਿਆਂ ਦਾ ਅਸੀਂ ਹਾਰਦਿਕ ਧੰਨਵਾਦ ਕਰਦੇ ਹਾਂ ।
  ਉਹਨਾਂ ਦੱਸਿਆ ਕਿ ਨਵੰਬਰ 2016 ਤੋਂ ਇਹ ਕੈਂਪ ਗੁਰਦੁਆਰਾ ਤੰਬੂ ਸਾਹਿਬ (ਨਨਕਾਣਾ ਸਾਹਿਬ) ਵਿਖੇ ਹਰ ਮਹੀਨੇ ਲਗਾਏ ਜਾਂਦੇ ਹਨ । ਨਵੰਬਰ 2017 ਤੋਂ ਨਵੰਬਰ 2018 ਤੱਕ ਇਹਨਾਂ ਕੈਂਪਾਂ ਦੌਰਾਨ 30 ਹਜ਼ਾਰ ਮਰੀਜ਼ਾਂ ਦੀਆਂ ਅੱਖਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ । ਜਿਹਨਾਂ ਦੀ ਜਾਂਚ, ਦਵਾਈਆਂ ਅਤੇ ਐਨਕਾਂ ਤੱਕ ਸਭ ਮੁਫ਼ਤ ਦਿੱਤਾ ਜਾਂਦਾ ਹੈ । ਲੋੜ ਮੁਤਾਬਕ ਕਈਆਂ ਦੇ ਲੇਜ਼ਰ ਨਾਲ ਫੇਕੋ ਅਪ੍ਰੇਸ਼ਨ ਵੀ ਕੀਤੇ ਜਾਂਦੇ ਹਨ, ਇਕ ਅੱਖ ਦੇ ਅਪ੍ਰੇਸ਼ਨ ਦਾ ਖਰਚਾ 100 ਪੌਂਡ ਆਉਂਦਾ ਹੈ ।
  ਸ੍ਰੀ ਨਨਕਾਣਾ ਸਾਹਿਬ ਇਲਾਕੇ ਦੇ ਲੋਕਾਂ ਦੇ ਕਹਿਣ ਮੁਤਾਬਕ ਵਿਦੇਸ਼ ਵਿੱਚ ਰਹਿੰਦੇ ਪਾਕਿਸਤਾਨੀਆਂ ਜਾਂ ਇਥੋਂ ਦੀ ਸਰਕਾਰ ਵੱਲੋਂ ਸਾਡੀ ਕੋਈ ਮਦਦ ਨਹੀਂ ਕੀਤੀ ਜਾਂਦੀ । ਸ: ਨੰਨੂਆ ਨੇ ਦੱਸਿਆ ਕਿ ਜਿਹੜੇ ਮਹੀਨਾਵਾਰ ਕੈਂਪ ਲੱਗਦੇ ਹਨ, ਉਹਨਾਂ ਬਾਰੇ ਉਥੋਂ ਦੇ ਲੋਕਾਂ ਦਾ ਬਹੁਤ ਵਧੀਆ ਹੁੰਘਾਰਾ ਮਿਲ ਰਿਹਾ ਹੈ, ਇਲਾਜ ਨਾਲ ਜਿਹਨਾਂ ਦੀ ਰੌਸ਼ਨੀ ਵਾਪਸ ਆ ਜਾਂਦੀ ਹੈ, ਉਹ ਮਦਦ ਕਰਨ ਵਾਲੇ ਸਿੱਖਾਂ ਦੀ ਬਹੁਤ ਸ਼ਲਾਘਾ ਕਰਦੇ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਕਿਰਪਾ ਸਦਕਾ ਇਹ ਮੁਫ਼ਤ ਕੈਂਪ ਲਗਾਉਣ ਨਾਲ ਪਾਕਿਸਤਨ ਦੇ ਲੋਕਾਂ ਵਿੱਚ ਸਿੱਖ ਕੌਮ ਦਾ ਬਹੁਤ ਮਾਣ ਵਧਿਆ ਹੈ । ਸ: ਨੰਨੂਆ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਜੋ ਕਰਤਾਰਪੁਰ ਦੇ ਲਾਂਘੇ ਦਾ ਨੀਂਹ ਪੱਥਰ ਰੱਖ ਕੇ ਨਵਾਂ ਇਤਿਹਾਸ ਸਿਰਜਿਆ ਗਿਆ ਹੈ, ਮੈਂ ਉਸ ਵਕਤ ਉਥੇ ਹਾਜ਼ਰ ਸੀ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ।
  ਸ: ਨੰਨੂਆ ਨੇ ਦੱਸਿਆ ਕਿ ਨਵੰਬਰ 2019 ਵਿੱਚ ਸੁਸਾਇਟੀ ਵੱਲੋਂ ਕਰਤਾਰਪੁਰ ਵਿੱਚ ਵੀ ਅੱਖਾਂ ਦੇ ਮੁਫ਼ਤ ਕੈਂਪ ਲਗਾਏ ਜਾਣਗੇ । ਉਹਨਾਂ ਦੱਸਿਆ, ਕਾਰ ਸੇਵਾ ਕਮੇਟੀ ਯੂ ਕੇ ਤੇ ਗੁਰੂ ਕਾ ਬਾਗ ਅੰਮ੍ਰਿਤਸਰ ਵਾਲਿਆਂ ਨੇ ਗੁਰਦੁਆਰਾ ਬਾਲ ਲੀਲਾ, ਸ੍ਰੀ ਨਨਕਾਣਾ ਸਾਹਿਬ ਦੀ ਨਵੀਂ ਆਲੀਸ਼ਾਨ ਇਮਾਰਤ ਬਣਾ ਕੇ ਐਤਕੀਂ ਗੁਰਪੁਰਬ ਸਮਾਗਮ ਮੌਕੇ 22 ਨਵੰਬਰ 2018 ਨੂੰ ਉਦਘਾਟਨ ਕਰਨ ਉਪਰੰਤ ਪ੍ਰਕਾਸ਼ ਪੁਰਬ ਵਾਲੇ ਦਿਨ ਇਸ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀਆਂ ਹਨ । ਹੁਣ ਇਸ ਸਮੇਂ ਗੁਰਦੁਆਰਾ ਤੰਬੂ ਸਾਹਿਬ ਦੀ ਨਵੀਂ ਇਮਾਰਤ ਦੀ ਬਣਾਈ ਜਾ ਰਹੀ ਹੈ । ਸ: ਨੰਨੂਆ ਨੇ ਸਾਥ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਅੱਗੋਂ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿ ਲਈ ਸੰਗਤਾਂ ਨੂੰ ਬੇਨਤੀ ਕੀਤੀ ਹੈ ।