image caption:

ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਰੋਕਣ ਲਈ ਅਕਾਲੀ ਦਲ ਨੇ ਘੜੀ ਰਣਨੀਤੀ

ਚੰਡੀਗੜ੍ਹ: ਪੰਚਾਇਤੀ ਚੋਣਾਂ ਇਸੇ ਮਹੀਨੇ ਹੋ ਸਕਦੀਆਂ ਹਨ, ਇਸ ਬਾਬਤ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਮਿਆਨ ਸਹਿਮਤੀ ਬਣਦੀ ਜਾਪ ਰਹੀ ਹੈ। ਚੋਣਾਂ ਦਸੰਬਰ ਮਹੀਨੇ ਵਿੱਚ ਹੀ ਹੋਣਗੀਆਂ ਪਰ ਸਭਨਾਂ ਦੀ ਮਰਜ਼ੀ ਮੁਤਾਬਕ ਸਰਕਾਰ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਤੋਂ ਬਾਅਦ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਵੀ ਅਪੀਲ ਕਰ ਦਿੱਤੀ ਹੈ। ਪਰ ਅਕਾਲੀ ਦਲ ਨੇ ਪਿਛਲੀਆਂ ਚੋਣਾਂ ਦਰਮਿਆਨ ਕਾਂਗਰਸ ਦੀ ਧੱਕੇਸ਼ਾਹੀ ਇਸ ਵਾਰ ਨਾ ਚੱਲਣ ਦੇਣ ਦਾ ਐਲਾਨ ਕੀਤਾ ਹੈ।

ਵੀਰਵਾਰ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ ਤੇ ਬੈਠਕ ਵਿੱਚ ਪੰਚਾਇਤੀ ਚੋਣਾਂ ਮੁੱਖ ਮਸਲਾ ਰਿਹਾ। ਪਾਰਟੀ ਦੇ ਬੁਲਾਰੇ ਮਹੇਸ਼ਇੰਦਰ ਗਰੇਵਾਲ ਨੇ ਦੱਸਿਆ ਕਿ ਅੱਜ ਦੀ ਬੈਠਕ ਦਾ ਫੋਕਸ ਪਿਛਲੀਆਂ ਚੋਣਾਂ ਦੌਰਾਨ ਹੋਈ ਗੁੰਡਾਗਰਦੀ ਨੂੰ ਰੋਕਣ 'ਤੇ ਰਿਹਾ। ਉੱਧਰ, ਵਿਧਾਇਕ ਤੇ ਕੋਰ ਕਮੇਟੀ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਦੀ ਮੰਗ ਹੈ ਕਿ ਚੋਣਾਂ ਛੇਤੀ ਤੋਂ ਛੇਤੀ ਕਰਵਾਈਆਂ ਜਾਣ।

ਉਨ੍ਹਾਂ ਕਿਹਾ ਕਿ ਪਾਰਟੀ ਦੀ ਮੰਗ ਹੈ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਪਹਿਲਾਂ ਵਾਂਗ ਪਿੰਡ ਪੱਧਰ 'ਤੇ ਹੀ ਹੋਵੇ, ਪਰ ਸਰਕਾਰ ਇਸ ਨੂੰ ਜ਼ਿਲ੍ਹਾ ਪੱਧਰ 'ਤੇ ਕਰ ਕੇ ਧੱਕੇਸ਼ਾਹੀ ਕਰਨਾ ਚਾਹੁੰਦੀ ਹੈ। ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਵਿੱਚ ਕਿਸਾਨਾਂ ਅਤੇ ਅਧਿਆਪਕਾਂ ਦੇ ਮਸਲਿਆਂ 'ਤੇ ਪਾਰਟੀ ਦੇ ਐਕਸ਼ਨ ਦੀ ਵਿਉਂਤਬੰਦੀ ਕੀਤੀ ਗਈ। ਆਉਂਦੀ 13 ਤਾਰੀਖ਼ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਇਜਲਾਸ ਬਾਰੇ ਅਕਾਲੀ ਦਲ ਵੱਖਰੀ ਬੈਠਕ ਕਰੇਗਾ।