image caption:

ਯੋਗੀ ਆਦਿਤਿਆਨਾਥ ਦੀ ਟਿਪਣੀ ਕਾਰਨ ਹਨੂੰਮਾਨ ਮੰਦਰ ਉੱਤੇ ਦਲਿਤਾਂ ਦਾ ਕਬਜ਼ਾ

ਮੁਜ਼ੱਫਰਨਗਰ- ਭੀਮ ਆਰਮੀ ਦੇ ਚੀਫ ਚੰਦਰਸ਼ੇਖਰ ਆਜ਼ਾਦ ਦੇ ਬਿਆਨ ਦੇ ਬਾਅਦ ਕੱਲ੍ਹ ਦੁਪਹਿਰ ਵਾਲਮੀਕੀ ਕ੍ਰਾਂਤੀ ਦਲ ਦੇ ਵਰਕਰਾਂ ਨੇ ਹੰਗਾਮਾ ਕਰਦੇ ਹੋਏ ਉਤਰ ਪ੍ਰਦੇਸ਼ ਵਿੱਚ ਮੁਜ਼ੱਫਰਨਗਰ ਦੇ ਮਸ਼ਹੂਰ ਹਨੂੰਮਾਨ ਮੰਦਰ ਉੱਤੇ ਕਬਜ਼ਾ ਕਰ ਲਿਆ ਹੈ। ਓਥੇ ਕੰਮ ਕਰਦੇ ਪੁਜਾਰੀ ਨੂੰ ਮੰਦਰ ਤੋਂ ਬਾਹਰ ਕੱਢ ਕੇ ਸੰਗਠਨ ਦੇ ਪ੍ਰਧਾਨ ਦੀਪਕ ਗੰਭੀਰ ਖੁਦ ਉਨ੍ਹਾਂ ਦੀ ਗੱਦੀ ਉੱਤੇ ਬੈਠ ਗਏ। ਉਨ੍ਹਾਂ ਨੇ ਮੰਦਰ ਆਉਣ ਵਾਲੇ ਸਰਧਾਲੂਆਂ ਦਾ ਤਿਲਕ ਲਾ-ਲਾ ਕੇ ਪ੍ਰਸਾਦ ਵੰਡਿਆ। ਖਾਸ ਗੱਲ ਇਹ ਹੈ ਕਿ ਇਹ ਪੂਰਾ ਘਟਨਾਕ੍ਰਮ ਪੁਲਸ ਦੀ ਮੌਜੂਦਗੀ 'ਚ ਹੋਇਆ।
ਵਰਨਣ ਯੋਗ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਦੌਰਾਨ ਹਨੂੰਮਾਨ ਜੀ ਨੂੰ ਦਲਿਤ, ਵਨਵਾਸੀ, ਗਿਰੀਵਾਸੀ ਅਤੇ ਗਰੀਬ ਦੱਸਿਆ ਸੀ। ਚਾਰ ਦਿਨ ਪਹਿਲਾਂ ਮੁਜ਼ੱਫਰਨਗਰ ਕਚਹਿਰੀ ਵਿੱਚ ਇਕ ਰੈਲੀ ਵਿੱਚ ਪਹੁੰਚੇ ਭੀਮ ਆਰਮੀ ਦੇ ਚੀਫ ਚੰਦਰਸ਼ੇਖਰ ਆਜ਼ਾਦ ਨੇ ਮੁੱਖ ਮੰਤਰੀ ਦੇ ਬਿਆਨ ਉਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਹਨੂੰਮਾਨ ਜੀ ਦਲਿਤ ਹਨ ਤਾਂ ਦਲਿਤਾਂ ਨੂੰ ਮੰਦਰ 'ਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਇਸ ਦੇ ਬਾਅਦ ਕੱਲ੍ਹ ਦਲਿਤਾਂ ਨੇ ਹਨੂੰਮਾਨ ਮੰਦਰ 'ਤੇ ਕਬਜ਼ਾ ਕਰ ਲਿਆ। ਐਲਾਨ ਮੁਤਾਬਕ ਵਾਲਮੀਕੀ ਕ੍ਰਾਂਤੀ ਦਲ ਦੇ ਪ੍ਰਧਾਨ ਗੰਭੀਰ ਦਰਜਨਾਂ ਵਰਕਰਾਂ ਨਾਲ ਸਿੱਧਪੀਠ ਸੰਕਟਮੋਟਨ ਹਨੂੰਮਾਨ ਮੰਦਰ ਪਹੁੰਚੇ ਅਤੇ ਓਥੇ ਕਬਜ਼ਾ ਕਰ ਲਿਆ।