image caption:

ਦਿੱਲੀ ਹਵਾਈ ਅੱਡੇ ਤਕ ਪੰਜਾਬ ਸਰਕਾਰ ਦੀਆਂ ਵੋਲਵੋ ਬੱਸਾਂ ਫਿਰ ਚੱਲਣਗੀਆਂ

ਚੰਡੀਗੜ੍ਹ- ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜਾਣ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ ਕਿ ਫਿਰ ਸਰਕਾਰੀ ਬੱਸਾਂ ਰਾਹੀਂ ਸਿਰਫ 1100 ਰੁਪਏ ਵਿਚ ਦਿੱਲੀ ਜਾ ਸਕਣਗੇ। ਪੰਜਾਬ ਸਰਕਾਰ ਨੇ ਨੈਸ਼ਨਲ ਪਰਮਿਟ ਦੇ ਆਧਾਰ ਉੱਤੇ ਜਲੰਧਰ ਤੋਂ ਇੰਦਰਾ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡੇ ਤਕ ਪਨਬੱਸ ਦੀਆਂ ਬੱਸਾਂ ਚਲਾਉਣ ਦਾ ਫ਼ੈਸਲਾ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਇਸ ਸੰਬੰਧ ਵਿੱਚ ਆਵਾਜਾਈ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਪਨਬੱਸ ਦੀਆਂ ਨੈਸ਼ਨਲ ਪਰਮਿਟ ਹੋਲਡਰ ਇਨ੍ਹਾਂ ਬੱਸਾਂ ਦੀਆਂ ਸੇਵਾਵਾਂ ਜਲੰਧਰ ਤੋਂ ਅੰਤਰਰਾਸ਼ਟਰੀ ਹਵਾਈ ਅੱਡੇ ਤਕ ਦੋ ਦਿਨਾਂ ਵਿੱਚ ਸ਼ੁਰੂ ਹੋ ਜਾਣਗੀਆਂ। ਉਨ੍ਹਾ ਨੇ ਦੱਸਿਆ ਕਿ ਪਨਬੱਸ ਵੱਲੋਂ ਵੋਲਵੋ ਬੱਸ ਸੇਵਾ ਜਲੰਧਰ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤਕ ਚਲਾਈ ਜਾ ਰਹੀ ਸੀ, ਪਰ ਕੁਝ ਦਿਨ ਪਹਿਲਾਂ ਤਕਨੀਕੀ ਕਾਰਨਾਂ ਕਰ ਕੇ ਦਿੱਲੀ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦੇ ਕੇ ਇਸ ਬੱਸ ਨੂੰ ਰੋਕ ਦਿੱਤਾ ਸੀ। ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਇਹ ਸਰਕਾਰੀ ਬੱਸਾਂ ਅੱਗੇ ਤੋਂ ਸਿਰਫ਼ ਚੋਣਵੇਂ ਬੱਸ ਅੱਡਿਆਂ ਤੋਂ ਚਲਾਈਆਂ ਜਾ ਸਕਦੀਆਂ ਹਨ। ਇਹ ਮਾਮਲਾ ਦਿੱਲੀ ਪ੍ਰਸ਼ਾਸਨ ਨਾਲ ਵਿਚਾਰਿਆ ਗਿਆ ਤੇ ਪ੍ਰਸ਼ਾਸਨ ਨੇ ਅੰਤਰਰਾਸ਼ਟਰੀ ਹਵਾਈ ਅੱਡੇ ਸਾਹਮਣੇ ਦਵਾਰਕਾ ਵਿਖੇ ਵੋਲਵੋ ਬੱਸ ਅੱਡਾ ਬਣਾਉਣ ਦੀ ਸਹਿਮਤੀ ਦੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਦਵਾਰਕਾ ਵਿਖੇ ਬੱਸ ਅੱਡੇ ਦੀ ਉਸਾਰੀ ਦਾ ਕੰਮ ਪੂਰਾ ਹੋਣ ਨੂੰ ਦੋ ਮਹੀਨੇ ਲੱਗ ਜਾਣਗੇ, ਇਸ ਲਈ ਪਨਬੱਸ ਵੱਲੋਂ ਨੈਸ਼ਨਲ ਟੂਰਿਸਟ ਪਰਮਿਟ ਨਾਲ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਐੱਨ ਆਰ ਆਈਜ਼ ਨੂੰ ਚੰਗੀ ਤੇ ਸਸਤੀ ਬੱਸ ਸੇਵਾ ਦਿੱਤੀ ਜਾ ਸਕੇ।