image caption:

ਕਸ਼ਮੀਰੀ ਨੌਜਵਾਨਾਂ ਕੋਲ ਨੌਕਰੀ ਨਾ ਹੋਣ ਕਾਰਨ ਬੰਦੂਕਾਂ ਚੁੱਕ ਰਹੇ ਹਨ: ਅਬਦੁੱਲਾ

ਸ਼੍ਰੀਨਗਰ- ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਕਹਿਣਾ ਹੈ ਕਿ ਏਥੋਂ ਦੇ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ, ਨੌਕਰੀ ਅਤੇ ਕੰਮ ਵੀ ਨਹੀਂ, ਜਿਸ ਕਾਰਨ ਇਹ ਨੌਜਵਾਨ ਬੰਦੂਕਾਂ ਚੁੱਕ ਰਹੇ ਹਨ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਜੰਮੂ ਦੇ ਨੌਜਵਾਨ ਸੰਮੇਲਨ ਵਿੱਚ ਕੀਤਾ ਹੈ।
ਉਮਰ ਅਬਦੁੱਲਾ ਨੇ ਕਿਹਾ ਹੈ ਕਿ ਇਹ ਸੰਕਟ ਦਾ ਦੌਰ ਹੈ ਅਤੇ ਇਸ ਸਥਿਤੀ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਹੋਵੇਗਾ, ਕਿਉਂ ਨੌਜਵਾਨ ਵਰਗ ਏਦਾਂ ਕਰ ਰਿਹਾ ਹੈ, ਗੁੱਸੇ ਦਾ ਕਾਰਨ ਕੀ ਹੈ ਤੇ ਕਿਉਂ ਉਹ ਆਪਣੇ ਆਪ ਨੂੰ ਧੋਖਾ ਦੇ ਰਹੇ ਹਨ। ਉਮਰ ਨੇ ਭਾਜਪਾ ਅਤੇ ਪੀ ਡੀ ਪੀ ਸਰਕਾਰ ਉੱਤੇ ਹਮਲਾ ਬੋਲਦੇ ਹੋਏ ਕਿਹਾ ਕਿ ਸਾਬਕਾ ਸਰਕਾਰ ਨੇ ਇਨ੍ਹਾਂ ਲਈ ਕੁਝ ਨਹੀਂ ਕੀਤਾ। ਵਾਅਦੇ ਕੀਤੇ ਗਏ, ਬਹੁਤ ਭਰੋਸਾ ਵੀ ਦਿੱਤਾ, ਪਰ ਕੰਮ ਨਹੀਂ ਕੀਤਾ ਗਿਆ। ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਕਿਹਾ ਗਿਆ, ਪਰ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਰਾਜ ਦੌਰਾਨ ਇੰਨਾ ਕੁਝ ਨਹੀਂ ਹੋਇਆ, ਜਿਨਾ ਅੱਜ ਹੋ ਰਿਹਾ ਹੈ। ਉਮਰ ਅਬਦੁੱਲਾ ਨੇ ਆਰਥਿਕ ਰੂਪ ਤੋਂ ਪਿਛੜੇ ਵਰਗਾਂ ਨੂੰ ਕੇਂਦਰ ਵੱਲੋਂ ਰਿਜ਼ਰਵੇਸ਼ਨ ਦੇਣ ਦੀ ਗੱਲ ''ਤੇ ਵੀ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਬਾਅਦ ਇਹ ਕਿਉਂ, ਕੇਂਦਰ ਅਤੇ ਭਾਜਪਾ ਦੇ ਇਰਾਦਾ ਠੀਕ ਨਹੀਂ ਹੈ, ਜਿਹੜੇ ਚੋਣਾਂ ਨੇੜੇ ਆਉਣ ''ਤੇ ਇਸ ਤਰੀਕੇ ਨਾਲ ਰਿਜ਼ਰਵੇਸ਼ਨ ਦੇਣ ਦੀ ਚਰਚਾ ਕਰ ਰਹੇ ਹਨ।