image caption:

ਡਰੱਗ ਕੇਸ ਦੀ ਹਵਾਲਾ ਰਾਸ਼ੀ ਮਾਮਲੇ 'ਚ ਨਾਮਜ਼ਦ ਜਗਜੀਤ ਸਿੰਘ ਚਾਹਲ ਦੀ ਜ਼ਮਾਨਤ

ਐਸ ਏ ਐਸ ਨਗਰ- ਭੋਲਾ ਡਰੱਗਜ਼ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਹਵਾਲਾ ਰਾਸ਼ੀ ਮਾਮਲੇ 'ਚ ਨਾਮਜ਼ਦ ਜਗਜੀਤ ਸਿੰਘ ਚਾਹਲ। ਜਿਸ ਸਬੰਧੀ ਮੁਹਾਲੀ ਵਿੱਚ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ 'ਚ ਮਾਮਲਾ ਵਿਚਾਰ ਅਧੀਨ ਹੈ, ਨੂੰ ਸੁਪਰੀਮ ਕੋਰਟ ਨੇ ਰਾਹਤ ਦਿੰਦਿਆਂ ਉਸ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ, ਪਰ ਕੇਸ ਹਾਲੇ ਚੱਲਦਾ ਰਹੇਗਾ।
ਇਸ ਸਬੰਧੀ ਜਗਜੀਤ ਸਿੰਘ ਚਾਹਲ ਦੇ ਵਕੀਲ ਪੀ ਐਸ ਵਾਲੀਆ ਨੇ ਚਾਹਲ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਗਜੀਤ ਚਾਹਲ ਜੇਲ੍ਹ 'ਚੋਂ ਬਾਹਰ ਆ ਜਾਣਗੇ। ਉਨ੍ਹਾਂ ਦੱਸਿਆ ਕਿ ਈ ਡੀ ਸਮੇਤ ਥਾਣਾ ਬਨੂੜ 'ਚ ਐਨ ਡੀ ਪੀ ਐਸ ਐਕਟ ਤਹਿਤ ਦਰਜ ਮਾਮਲੇ ਦੀ ਸੁਣਵਾਈ ਸੀ ਬੀ ਆਈ ਦੇ ਵਿਸ਼ੇਸ਼ ਜੱਜ ਐਨ ਐਸ ਗਿੱਲ ਦੀ ਅਦਾਲਤ 'ਚ ਚੱਲ ਰਹੀ ਹੈ। ਦੱਸਣ ਯੋਗ ਹੈ ਕਿ ਈ ਡੀ ਵੱਲੋਂ ਦੋ ਸਾਬਕਾ ਮੰਤਰੀਆਂ ਸਣੇ 12 ਮੁਲਜ਼ਮਾਂ ਤੇ ਉਨ੍ਹਾਂ ਦੀਆਂ ਵੱਖ-ਵੱਖ ਫਰਮਾਂ ਖਿਲਾਫ ਚਲਾਨ ਪੇਸ਼ ਕੀਤਾ ਗਿਆ ਸੀ। ਇਹ ਚਲਾਨ 211 ਸਫਿਆਂ ਦਾ ਹੈ। ਇਸ ਚਲਾਨ ਨਾਲ 8357 ਦੇ ਕਰੀਬ ਕਾਗਜ਼ਾਤ ਲਗਾਏ ਗਏ ਹਨ। ਈ ਡੀ ਵੱਲੋਂ ਪੇਸ਼ ਚਲਾਨ 'ਚ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਸਾਬਕਾ ਮੰਤਰੀ ਅਵਿਨਾਸ਼ ਚੰਦਰ, ਸ੍ਰ. ਫਿਲੌਰ ਦੇ ਲੜਕੇ ਦਮਨਵੀਰ ਸਿੰਘ ਫਿਲੌਰ, ਜਗਜੀਤ ਸਿੰਘ ਚਾਹਲ, ਪਰਮਜੀਤ ਸਿੰਘ ਚਾਹਲ, ਜਗਜੀਤ ਸਿੰਘ ਚਾਹਲ ਦੀ ਪਤਨੀ ਇੰਦਰਜੀਤ ਕੌਰ, ਦਵਿੰਦਰ ਕਾਂਤ ਸ਼ਰਮਾ, ਜਸਵਿੰਦਰ ਸਿੰਘ, ਸਚਿਨ ਸਰਦਾਨਾ, ਸੁਸ਼ੀਲ ਕੁਮਾਰ ਸਰਦਾਨਾ, ਸ੍ਰੀਮਤੀ ਕੈਲਾਸ਼ ਸਰਦਾਨਾ, ਸ੍ਰੀਮਤੀ ਰਸ਼ਮੀ ਸਰਦਾਨਾ ਤੇ ਚਾਹਲ ਦੀਆਂ ਕਈ ਕੰਪਨੀਆਂ ਸ਼ਾਮਲ ਹਨ।