image caption:

ਬੇਅਦਬੀ ਕਾਂਡਾਂ ਦੇ ਜਾਂਚ ਕਰਤਾ ਜਸਟਿਸ ਜ਼ੋਰਾ ਸਿੰਘ ਵੱਲੋਂ ਅਹਿਮ ਖੁਲਾਸੇ

ਚੰਡੀਗੜ੍ਹ- ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਜਸਟਿਸ (ਰਿਟਾਇਰਡ) ਜ਼ੋਰਾ ਸਿੰਘ ਨੇ ਸਾਢੇ ਤਿੰਨ ਸਾਲ ਪਹਿਲਾਂ ਪੰਜਾਬ ਵਿੱਚ ਵਾਪਰੇ ਬੇਅਦਬੀ ਕਾਂਡਾਂ ਅਤੇ ਬਹਿਬਲ ਕਲਾਂ ਦੇ ਗੋਲੀ ਕਾਂਡ ਦੇ ਸੰਬੰਧ ਵਿੱਚ ਅਹਿਮ ਜਾਣਕਾਰੀ ਵਾਲੇ ਖੁਲਾਸੇ ਕੀਤੇ ਹਨ।
ਅੱਜ ਏਥੇ ਆਮ ਆਦਮੀ ਪਾਰਟੀ ਵਲੋਂ ਕਰਵਾਈ ਪ੍ਰੈਸ ਕਾਨਫਰੰਸ ਵਿੱਚ ਇਸ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਵੇਰਵੇ ਸਹਿਤ ਦੱਸਿਆ ਕਿ ਕਿਵੇਂ ਅਕਾਲੀਆਂ ਨੇ ਬੇਅਦਬੀ ਕੇਸਾਂ ਉੱਤੇ ਆਪਣੇ ਵੱਲੋਂ ਕਾਇਮ ਕੀਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਤੱਕ ਨਹੀਂ ਸੀ ਲਈ ਅਤੇ ਫਿਰ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਵੀ ਰਾਜ ਦੀ ਕਮਾਨ ਸਾਂਭਣ ਦੇ ਬਾਅਦ ਇਸ ਰਿਪੋਰਟ ਵੱਲ ਕੋਈ ਧਿਆਨ ਨਹੀਂ ਦਿੱਤਾ।
ਇਸ ਸੰਬੰਧ ਵਿੱਚ ਜਸਟਿਸ ਜ਼ੋਰਾ ਸਿੰਘ ਨੇ ਦਾਅਵਾ ਕੀਤਾ ਕਿ ਨਵੀਂ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਨੇ ਵੀ ਇਨ੍ਹਾਂ ਬੇਅਦਬੀ ਕਾਂਡਾਂ ਦੇ ਸ਼ੱਕੀ ਵਿਅਕਤੀਆਂ ਕੋਲੋਂ ਕੋਈ ਪੁੱਛਗਿੱਛ ਨਹੀਂ ਕੀਤੀ, ਜਿਸ ਕਾਰਨ ਸਹੀ ਨਤੀਜੇ ਸਾਹਮਣੇ ਨਹੀਂ ਆ ਸਕੇ। ਜਸਟਿਸ ਜ਼ੋਰਾ ਸਿੰਘ ਨੇ ਇਨ੍ਹਾਂ ਸ਼ੱਕੀ ਕਿਸਮ ਦੇ ਲੋਕਾਂ ਦੇ ਨਾਂ ਰਾਜਵਿੰਦਰ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਹਰਦੇਵ ਸਿੰਘ, ਗ੍ਰੰਥੀ ਰਣਜੀਤ ਸਿੰਘ, ਗੋਰਾ ਸਿੰਘ ਅਤੇ ਟੇਲਰ ਮਾਸਟਰ ਦੱਸੇ ਹਨ।
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਸੀ ਤੇ ਜਦੋਂ ਉਨ੍ਹਾਂ ਨੇ ਜਾਂਚ ਪੂਰੀ ਕਰ ਲਈ ਤਾਂ ਇਸ ਬਾਰੇ ਰਿਪੋਰਟ ਦੇਣ ਵਾਸਤੇ ਅਕਾਲੀ-ਭਾਜਪਾ ਸਰਕਾਰ ਦੇ ਵਕਤ ਉਹ 5 ਘੰਟਿਆਂ ਤੱਕ ਮੁੱਖ ਮੰਤਰੀ ਦਫਤਰ ਦੇ ਬਾਹਰ ਫਾਈਲ ਫੜ ਕੇ ਬੈਠੇ ਰਹੇ, ਪਰ ਉਨ੍ਹਾਂ ਦੀ ਰਿਪੋਰਟ ਲੈਣ ਕੋਈ ਨਹੀਂ ਆਇਆ ਤੇ ਅਖੀਰ ਵਿੱਚ ਉਨ੍ਹਾਂ ਨੇ ਆਪਣੀ ਰਿਪੋਰਟ ਇਕ ਚਪੜਾਸੀ ਨੂੰ ਦਿੱਤੀ ਸੀ। ਉਨ੍ਹਾਂ ਨੇ ਬੇਅਦਬੀ ਕੇਸਾਂ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਕਈ ਖੁਲਾਸੇ ਹੋਰ ਵੀ ਕੀਤੇ ਹਨ।