image caption:

ਦਸਵੇਂ ਪਾਤਿਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮਨਾਉਣ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ ਸਾਲਾਨਾ ਸਿੱਖੀ ਕੈਂਪ ਆਯੋਜਿਤ ਕੀਤਾ ਗਿਆ

ਡਰਬੀ (ਪੰਜਾਬ ਟਾਈਮਜ਼) - ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਬੀਤੇ ਦਿਨੀਂ 25 ਦਸੰਬਰ 2018 ਨੂੰ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਹਰ ਸਾਲ ਵਾਂਗ ਸਿੱਖੀ ਕੈਂਪ ਆਯੋਜਿਤ ਕੀਤਾ ਗਿਆ । ਇਹ ਕੈਂਪ ਗੁਰਮਤਿ ਪੰਜਾਬੀ ਸਕੂਲ ਚਲਾਉਣ ਵਾਲੇ ਅਤੇ ਹੋਰ ਚੱਲ ਰਹੀਆਂ ਸੇਵਾਵਾਂ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਸੇਵਾਦਾਰਾਂ ਵੱਲੋਂ ਮਿਲ ਕੇ ਲਾਇਆ ਜਾਂਦਾ ਹੈ । ਇਸ ਕੈਂਪ ਵਿੱਚ ਬੱਚਿਆਂ ਅਤੇ ਉਹਨਾਂ ਦੀ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਜਿਹੜੇ ਬੱਚੇ ਘਰੋਂ ਆਪਣੀਆਂ ਦਸਤਾਰਾਂ ਨਹੀਂ ਸਜਾ ਸਕਦੇ ਸਨ, ਸਵੇਰੇ ਪਹਿਲਾਂ ਉਹਨਾਂ ਬੱਚਿਆਂ ਦੇ ਸਿਰਾਂ ਉਤੇ ਦਸਤਾਰਾਂ ਸਜਾਈਆਂ ਗਈਆਂ, ਤੇ ਬਾਅਦ ਵਿੱਚ ਬੱਚਿਆਂ ਨੇ ਹੀ ਕੈਂਪ ਦੀ ਸ਼ੁਰੂਆਤ ਦੀ ਅਰਦਾਸ ਕੀਤੀ ਅਤੇ ਹੁਕਮਨਾਮਾ ਲੈ ਕੇ ਕੈਂਪ ਆਰੰਭ ਕੀਤਾ । ਸੇਵਾਦਾਰਾਂ ਵੱਲੋਂ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਕਈ ਗਰੁੱਪ ਬਣਾ ਕੇ ਉਹਨਾਂ ਨੂੰ ਸਿੱਖ ਧਰਮ, ਸਿੱਖ ਇਤਿਹਾਸ ਅਤੇ ਗੁਰਮਤਿ ਦੀ ਜਾਣਕਾਰੀ ਦਿੱਤੀ ਗਈ । ਵੱਖ ਵੱਖ ਕਲਾਸਾਂ (ਗਰੁੱਪਾਂ) ਵਿੱਚ ਵੰਡ ਕੇ ਧਾਰਮਿਕ ਵਰਕਸ਼ਾਪਾਂ ਲਾਈਆਂ ਗਈਆਂ । ਫਿਰ ਉਹਨਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ, ਬਾਊਂਸੀ ਕੈਸਲ ਆਦਿ ਦਾ ਬਾਬਾ ਬੰਦਾ ਸਿੰਘ ਬਹਾਦਰ ਹਾਲ ਵਿੱਚ ਪ੍ਰਬੰਧ ਕੀਤਾ ਗਿਆ ਸੀ । ਬੱਚਿਆਂ ਨੇ ਜਿੱਥੇ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਉਥੇ ਉਹਨਾਂ ਨੂੰ ਆਖਰ ਵਿੱਚ ਉਤਸ਼ਾਹਿਤ ਕਰਨ ਲਈ ਤੋਹਫੇ ਵੀ ਦਿੱਤੇ ਗਏ । ਡਰਬੀ ਦੇ ਇਲਾਵਾ ਨਾਲ ਲਗਦੇ ਹੋਰ ਸ਼ਹਿਰਾਂ ਤੋਂ ਵੀ ਕਾਫ਼ੀ ਪਰਿਵਾਰ ਬੱਚਿਆਂ ਨੂੰ ਲੈ ਕੇ ਇਸ ਕੈਂਪ ਵਿੱਚ ਪਹੁੰਚੇ ।