image caption: ਤਸਵੀਰ: ਕੀਰਤਨ ਦਰਬਾਰ ਉਪਰੰਤ ਕੀਰਤਨ ਦਰਬਾਰ ਵਿੱਚ ਭਾਗ ਲੈਣ ਵਾਲੇ ਬੱਚੇ, ਉਹਨਾਂ ਦੇ ਮਾਪੇ, ਸੇਵਾਦਾਰ ਅਤੇ ਗੁਰੂ ਘਰ ਦੇ ਹੋਰ ਸੇਵਾਦਾਰ

ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਸਿੰਘ ਸਭਾ ਡਰਬੀ ਵਿਖੇ ਬੱਚਿਆਂ ਦਾ ਕੀਰਤਨ ਦਰਬਾਰ ਕਰਵਾਇਆ

ਡਰਬੀ (ਪੰਜਾਬ ਟਾਈਮਜ਼) - ਇਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਬੱਚਿਆਂ ਦਾ ਇਕ ਵਿਸ਼ੇਸ਼ ਕੀਰਤਨ ਦਰਬਾਰ ਬੀਤੇ ਦਿਨੀਂ ਕਰਵਾਇਆ ਗਿਆ । ਜਿਹੜੇ ਬੱਚੇ ਇਸ ਗੁਰੂ ਘਰ ਵਿਖੇ ਹਰ ਹਫ਼ਤੇ ਕੀਰਤਨ ਦੀ ਕਲਾਸ ਵਿੱਚ ਹਾਜ਼ਰੀ ਭਰ ਕੇ ਕੀਰਤਨ ਸਿੱਖਦੇ ਹਨ, ਉਹਨਾਂ ਬੱਚਿਆਂ ਨੇ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰੀ ਤੇ ਸਿੱਖੇ ਹੋਏ ਸ਼ਬਦਾਂ ਦਾ ਕੀਰਤਨ ਕੀਤਾ ।
   ਇਥੇ ਹਫ਼ਤਾਵਾਰੀ ਕੀਰਤਨ ਕਲਾਸ ਲਾਉਣ ਵਾਲੇ ਬੀਬੀ ਹਰਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਕੁਝ ਸਾਲਾਂ ਤੋਂ ਉਹ ਗੁਰੂ ਘਰ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਬੱਚਿਆਂ ਦੀ ਕੀਰਤਨ ਕਲਾਸ ਲਗਾਉਂਦੇ ਹਨ । ਬੀਬੀ ਜੀ ਦੀ ਦਿਲੀ ਇੱਛਾ ਹੈ ਕਿ ਬੱਚੇ ਗੁਰਬਾਣੀ ਦਾ ਕੀਰਤਨ ਕਰਨਾ ਸਿੱਖਣ, ਤਦ ਬਾਣੀ ਉਹਨਾਂ ਦੇ ਹਿਰਦੇ ਅੰਦਰ ਵਸ ਜਾਂਦੀ ਹੈ । ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਭਾਈ ਦਰਬਾਰਾ ਸਿੰਘ ਜੀ ਬਹੁਤ ਹੀ ਪਿਆਰ ਨਾਲ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਹਨ । ਨਾਲ ਹੀ ਬੱਚੀ ਗੁਰਕਿਰਨ ਕੌਰ ਬੇਸ਼ੱਕ ਯੂਨੀਵਰਸਿਟੀ ਦੀ ਵਿਦਿਆਰਥਣ ਹੈ, ਫਿਰ ਵੀ ਉਹ ਆਪਣੇ ਰੁਝੇਵੇਂ ਵਿੱਚੋਂ ਸਮਾਂ ਕੱਢ ਕੇ ਛੋਟੇ ਬੱਚਿਆਂ ਨੂੰ ਕੀਰਤਨ ਸਿਖਾਉਣ ਦੀ ਸੇਵਾ ਕਰਦੀ ਹੈ । ਤਬਲੇ ਦੀ ਸੇਵਾ ਗਿਆਨੀ ਗੁਰਦੀਪ ਸਿੰਘ ਜਾਂ ਹੋਰ ਨੌਜਵਾਨ ਵੀ ਕਰਦੇ ਹਨ ।
  ਉਹਨਾਂ ਦੱਸਿਆ ਕਿ ਕੀਰਤਨ ਦਰਬਾਰ ਆਯੋਜਿਤ ਕਰਨ ਦਾ ਮਕਸਦ ਕੇਵਲ ਏਨਾ ਹੈ ਕਿ ਜਦੋਂ ਬੱਚੇ ਸੰਗਤ ਵਿੱਚ ਸਟੇਜ ਤੋਂ ਕੀਰਤਨ ਕਰਦੇ ਹਨ ਤਾਂ ਉਹਨਾਂ ਦੇ ਅੰਦਰ ਹੋਰ ਉਤਸ਼ਾਹ ਵਧਦਾ ਹੈ । ਜੋ ਕੁਝ ਉਹ ਸਿੱਖਦੇ ਹਨ, ਸਟੇਜ ਤੋਂ ਸੰਗਤਾਂ ਦੇ ਨਾਲ ਸਾਂਝਾ ਕਰਕੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ । ਆਮ ਤੌਰ ਤੇ ਕਿਹਾ ਵੀ ਜਾਂਦਾ ਹੈ, ਜੋ ਕੁਝ ਬਚਪਨ ਵਿੱਚ ਇਨਸਾਨ ਦੇ ਮਨ ਅੰਦਰ ਵਸ ਜਾਂਦਾ ਹੈ, ਉਹ ਸਾਰੀ ਉਮਰ ਉਸ ਦੇ ਨਾਲ ਰਹਿੰਦਾ ਹੈ ।
  ਕੀਰਤਨ ਦਰਬਾਰ ਮੌਕੇ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਛੋਟੀ ਉਮਰ ਤੋਂ ਦੁਨਿਆਵੀ ਵਿੱਦਿਆ ਦੇ ਨਾਲ ਹਰੇਕ ਤਰ੍ਹਾਂ ਦੀ ਧਾਰਮਿਕ ਵਿੱਦਿਆ ਵੀ ਹਾਸਲ ਕਰਨੀ ਇਨਸਾਨ ਵਾਸਤੇ ਬਹੁਤ ਜ਼ਰੂਰੀ ਹੈ । ਇਸੇ ਮਕਸਦ ਨਾਲ ਹੀ ਇਸ ਗੁਰੂ ਘਰ ਵਿਖੇ ਕੀਰਤਨ ਕਲਾਸਾਂ, ਸੰਥਿਆ, ਗਤਕਾ, ਖਾਲਸਾ ਕਲੱਬ ਅਤੇ ਪੰਜਾਬੀ ਸਕੂਲ ਆਦਿ ਲਗਾਤਾਰ ਚੱਲ ਰਹੇ ਹਨ । ਸ: ਪੁਰੇਵਾਲ ਨੇ ਕਿਹਾ ਕਿ ਇਹ ਸਾਰੀਆਂ ਸੇਵਾਵਾਂ ਵਲੰਟੀਅਰ ਸੇਵਾਦਾਰ ਕਰ ਰਹੇ ਹਨ । ਉਹਨਾਂ ਕੀਰਤਨ ਕਲਾਸਾਂ ਲਾਉਣ ਲਈ ਅਤੇ ਹੋਰ ਸੇਵਾਵਾਂ ਵਾਸਤੇ ਸਾਰੇ ਸੇਵਾਦਾਰਾਂ ਦਾ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਹਾਰਦਿਕ ਧੰਨਵਾਦ ਕੀਤਾ ।