image caption:

ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਦਿੱਲੀ ਦੀ ਕਮਾਨ ਸ਼ੀਲਾ ਦੀਕਸ਼ਤ ਨੂੰ ਸੌਂਪ ਦਿੱਤੀ

ਨਵੀਂ ਦਿੱਲੀ- ਦਿੱਲੀ ਦੀ ਕਾਂਗਰਸ ਦੇ ਨਵੇਂ ਪ੍ਰਧਾਨ ਲਈ ਅੱਜ ਮੋਹਰ ਲੱਗ ਗਈ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਦਿੱਲੀ ਦੀ ਕਮਾਨ ਦੇ ਦਿੱਤੀ ਹੈ। ਵਰਨਣ ਯੋਗ ਹੈ ਕਿ ਅੱਜ ਸ਼ੀਲਾ ਦੀਕਸ਼ਤ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਪਿੱਛੋਂ ਇਹ ਫੈਸਲਾ ਲਿਆ ਗਿਆ। ਦਿੱਲੀ ਕਾਂਗਰਸ ਦੇ ਪ੍ਰਧਾਨ ਅਜੈ ਮਾਕਨ ਨੇ ਸਿਹਤ ਦੇ ਕਾਰਨਾਂ ਦਾ ਹਵਾਲਾ ਦੇ ਕੇ ਇਹ ਅਹੁਦਾ ਛੱਡ ਦਿੱਤਾ ਸੀ। ਇਸ ਮੌਕੇ ਦਿੱਲੀ ਕਾਂਗਰਸ ਦੇ ਕੇਂਦਰ ਵੱਲੋਂ ਇੰਚਾਰਜ ਪੀ ਸੀ ਚਾਕੋ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਦਾ ਅੰਤਿਮ ਫੈਸਲਾ ਲਿਆ ਹੈ। ਰਾਜਸਥਾਨ ਤੇ ਮੱਧ ਪ੍ਰਦੇਸ ਵਾਂਗ ਕਾਂਗਰਸ ਪ੍ਰਧਾਨ ਨੇ ਅਨੁਭਵੀ ਨੇਤਾਵਾਂ ਨੂੰ ਪਹਿਲ ਦਿੱਤੀ ਹੈ। ਇਸੇ ਆਧਾਰ ਉੱਤੇ ਸ਼ੀਲਾ ਨੂੰ ਕਮਾਨ ਸੌਂਪੀ ਗਈ ਹੈ। ਦਿੱਲੀ ਕਾਂਗਰਸ ਪ੍ਰਧਾਨ ਲਈ ਦੌੜ ਵਿੱਚ ਸ਼ੀਲਾ ਦੀਕਸ਼ਤ ਤੋਂ ਬਿਨਾਂ ਰਾਜੇਸ਼ ਲਿਲੋਠੀਆ, ਯੋਗਾਨੰਦ ਸ਼ਾਸ਼ਤਰੀ ਤੇ ਮਹਾਬਲ ਮਿਸ਼ਰਾ ਦਾ ਨਾਂ ਚਰਚਿਤ ਸੀ। ਸ਼ੀਲਾ ਦੀਕਸ਼ਤ ਜਾਣਿਆ-ਪਛਾਣਿਆ ਚਿਹਰਾ ਹੈ। ਉਨ੍ਹਾਂ ਦੇ ਨਾਂ ਉੱਤੇ ਪਾਰਟੀ ਵਿੱਚ ਵਿਰੋਧ ਨਹੀਂ ਹੋਣ ਵਾਲਾ। ਪਾਰਟੀ ਸੂਤਰਾਂ ਮੁਤਾਬਕ ਪਾਰਟੀ ਦਾ ਅੰਦਰੂਨੀ ਝਗੜਾ ਜਿੱਦਾਂ ਦਾ ਹੈ, ਉਸ ਨੂੰ ਬਹੁਤ ਹੱਦ ਤਕ ਖਤਮ ਕਰਨ ਦਾ ਕੰਮ ਸ਼ੀਲਾ ਦੀਕਸ਼ਤ ਹੀ ਕਰ ਸਕਦੇ ਹਨ।
ਇਸ ਦੌਰਾਨ ਪੰਜਾਬ ਵਿੱਚ ਕਾਂਗਰਸ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਏਥੋਂ ਦੇ 28 ਜ਼ਿਲ੍ਹਾ ਪ੍ਰਧਾਨਾਂ ਦੇ ਨਾਂਵਾਂ ਲਈ ਐਲਾਨ ਕਰ ਦਿੱਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਵਲੋਂ ਜਾਰੀ ਸੂਚੀ ਅਨੁਸਾਰ ਭਗਵੰਤ ਪਾਲ ਸਿੰਘ ਸੱਚਰ ਨੂੰ ਅੰਮ੍ਰਿਤਸਰ ਦਿਹਾਤੀ, ਜਤਿੰਦਰ ਕੌਰ ਸੋਨੀਆ ਨੂੰ ਅੰਮ੍ਰਿਤਸਰ ਸ਼ਹਿਰੀ ਦਾ ਪ੍ਰਧਾਨ ਬਣਾਉਣ ਦੇ ਨਾਲ ਗੁਲਜ਼ਾਰ ਮਸੀਹ ਗੁਰਦਾਸਪੁਰ, ਸੰਜੀਵ ਬੈਂਸ ਪਠਾਨਕੋਟ, ਕੁਲਦੀਪ ਕੁਮਾਰ ਨੰਦਾ ਹੁਸ਼ਿਆਰਪੁਰ, ਪ੍ਰੇਮ ਚੰਦ ਭੀਮਾ ਨਵਾਂਸ਼ਹਿਰ, ਕੇ ਕੇ ਮਲਹੋਤਰਾ ਪਟਿਆਲਾ ਸ਼ਹਿਰੀ, ਗਰਦੀਪ ਸਿੰਘ ਪਟਿਆਲਾ ਦਿਹਾਤੀ, ਦੀਪਇੰਦਰ ਸਿੰਘ ਢਿਲੋਂ ਮੋਹਾਲੀ, ਬਰਿੰਦਰ ਸਿੰਘ ਢਿਲੋਂ ਰੋਪੜ, ਖੁਸ਼ਬਾਜ ਸਿੰਘ ਜਟਾਣਾ ਬਠਿੰਡਾ ਦਿਹਾਤੀ, ਬਲਵੀਰ ਰਾਣੀ ਸੋਢੀ ਕਪੂਰਥਲਾ, ਗਗਨਜੀਤ ਸਿੰਘ ਗਾਲਬ ਲੁਧਿਆਣਾ ਦਿਹਾਤੀ, ਅਸ਼ਵਨੀ ਸ਼ਰਮਾਂ ਲੁਧਿਆਣਾ ਸਿਟੀ, ਸੁਖਦੀਪ ਸਿੰਘ ਖੰਨਾ, ਰੂਪੀ ਕੌਰ ਬਰਨਾਲਾ, ਰਾਜਿੰਦਰ ਸਿੰਘ ਰਾਜਾ ਸੰਗਰੂਰ, ਡਾ ਮੰਜੂ ਬੰਸਲ ਮਾਨਸਾ, ਅਰੁਣ ਵਧਵਾ ਬਠਿੰਡਾ ਸ਼ਹਿਰੀ, ਅਜੈਪਾਲ ਸਿੰਘ ਸੰਧੂ ਫਰੀਦਕੋਟ, ਮਨਜੀਤ ਸਿੰਘ ਘਸੀਟਪੁਰਾ ਤਰਨ ਤਾਰਨ, ਹਰਚਰਨ ਸਿੰਘ ਬਰਾੜ ਮੁਕਤਸਰ ਸਾਹਿਬ, ਮਹੇਸ਼ ਸਿੰਘ ਨਿਹਾਲ ਸਿੰਘ ਵਾਲਾ ਮੋਗਾ, ਰੰਜਨ ਕੁਮਾਰ ਕਰਮਾ ਫਾਜਿ਼ਲਕਾ, ਗੁਰਚਰਨ ਸਿੰਘ ਨਾਹਰ ਫਿਰੋਜਪੁਰ, ਬਲਦੇਵ ਸਿੰਘ ਦੇਵ ਜਲੰਧਰ ਸਿਟੀ ਤੇ ਸੁਖਵਿੰਦਰ ਸਿੰਘ ਲਾਲੀ ਜਲੰਧਰ ਦਿਹਾਤੀ ਅਤੇ ਸੁਭਾਸ਼ ਸੂਦ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਬਣਾਏ ਗਏ ਹਨ।