image caption:

ਹਰਸਿਮਰਤ ਕੌਰ ਬਾਦਲ ਨੂੰ ਕੈਪਟਨ ਦਾ ਜਵਾਬ: ‘ਮੈਂ ਪਾਰਟੀ ਦਾ ਵਫ਼ਾਦਾਰ ਹਾਂ ਤੇ ਤੁਸੀਂ ਨਿੱਜੀ ਹਿੱਤਾਂ ਦੇ''

ਚੰਡੀਗੜ੍ਹ- ਅਕਾਲੀ ਨੇਤਾ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਵਫ਼ਾਦਾਰੀ ਉੱਤੇ ਸਵਾਲ ਕੀਤੇ ਜਾਣ ਦੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਰਾਜ ਤੇ ਆਪਣੀ ਪਾਰਟੀ ਲਈ ਵਫ਼ਾਦਾਰ ਹਨ, ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸਾਰਾ ਬਾਦਲ ਪਰਿਵਾਰ ਨਿੱਜੀ ਹਿੱਤਾਂ ਨੂੰ ਸਮੱਰਪਿਤ ਹੋਇਆ ਪਿਆ ਹੈ।
ਅੱਜ ਏਥੇ ਅਕਾਲੀ ਲੀਡਰਸ਼ਿਪ ਉੱਤੇ ਵਰ੍ਹਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਅਤੇ ਬਾਦਲਾਂ ਦੇ ਸਾਰੇ ਟੱਬਰ ਲਈ ਨਾ ਪੰਜਾਬ, ਨਾ ਲੋਕ ਅਤੇ ਨਾ ਸਿੱਖ ਪੰਥ ਦਾ ਕੋਈ ਮਹੱਤਵ ਹੈ, ਅਕਾਲੀ ਆਗੂ ਅਕਸਰ ਇਨ੍ਹਾਂ ਦੀ ਨਿੱਜੀ ਵਫਾਦਾਰੀ ਦਾ ਢੰਡੋਰਾ ਪਿੱਟਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਸਿਰਫ ਆਪਣੇ ਨਿੱਜੀ ਹਿੱਤਾਂ ਦੀ ਵਫ਼ਾਦਾਰੀ ਨਿਭਾਉਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਸਿਮਰਤ ਕੌਰ ਵੀ ਟੱਬਰ ਦੇ ਹੋਰ ਲੋਕਾਂ ਵਾਂਗ ਧੋਖੇ-ਫਰੇਬ ਦੀ ਕਲਾ ਦੀ ਉਸਤਾਦ ਹੈ ਅਤੇ ਪੰਜਾਬ ਦੇ ਲੋਕਾਂ ਵੱਲੋਂ ਉਸ ਦੀ ਪਾਰਟੀ ਅਤੇ ਸਿਆਸਤ ਨੂੰ ਮੂਧੇ ਮੂੰਹ ਸੁੱਟਣ ਪਿੱਛੋਂ ਵੀ ਉਸ ਨੇ ਝੂਠੀਆਂ ਤੇ ਮਨਘੜਤ ਗੱਲਾਂ ਕਹਿਣੀਆਂ ਜਾਰੀ ਰੱਖੀਆਂ ਹਨ। ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਪੰਜਾਬ ਵਿੱਚ ਕਾਂਗਰਸ ਦੀਆਂ ਲਗਾਤਾਰ ਸ਼ਾਨਦਾਰ ਜਿੱਤਾਂ ਦਾ ਜ਼ਿਕਰ ਕਰਦੇ ਹੋਏ ਅਮਰਿੰਦਰ ਸਿੰਘ ਨੇ ਕਿਹਾ, &lsquoਬਾਦਲਾਂ ਨੂੰ ਇਹ ਅਹਿਸਾਸ ਨਹੀਂ ਕਿ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਕੇ ਉਹ ਖ਼ੁਦ ਮਜ਼ਾਕ ਦੇ ਪਾਤਰ ਬਣ ਰਹੇ ਹਨ।&rsquo ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਸਿਮਰਤ ਕੌਰ ਨੇ ਬਿਆਨ ਵਿੱਚ ਅਣਜਾਣੇ ਹੀ ਇਹ ਵੀ ਮੰਨ ਲਿਆ ਹੈ ਕਿ ਕੇਂਦਰ ਸਰਕਾਰ ਕਰਤਾਰਪੁਰ ਲਾਂਘੇ ਦੇ ਵਿਕਾਸ ਦੇ ਫੰਡ ਦੇਣ ਤੋਂ ਨਾਕਾਮ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਪ੍ਰਾਜੈਕਟ ਹੈ, ਪਰ ਪੰਜਾਬ ਸਰਕਾਰ ਇਸ ਦੀ ਸਿਰਫ਼ ਓਦੋਂ ਜ਼ਮੀਨ ਹਾਸਲ ਕਰ ਸਕਦੀ ਹੈ, ਜਦੋਂ ਕੇਂਦਰ ਸਰਕਾਰ ਇਸ ਦੀ ਸ਼ਨਾਖ਼ਤ ਕਰੇਗੀ।