image caption:

ਪੰਚਾਇਤ ਚੋਣ ਦੀ ਕਿੜ ਵਿੱਚ ਫਾਇਰਿੰਗ ਨਾਲ ਇਕ ਜ਼ਖਮੀ, ਪੰਜਾਂ ਉੱਤੇ ਕੇਸ ਦਰਜ

ਆਦਮਪੁਰ- ਕੱਲਹ ਰਾਤ ਪਿੰਡ ਪੰਡੋਰੀ ਨਿੱਝਰਾਂ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਕਾਰਨ ਹਾਰੇ ਹੋਏ ਉਮੀਦਵਾਰ ਨੇ ਆਪਣੇ ਗੁਆਂਢੀ ਪਰਵਾਰ ਉਤੇ ਗੋਲੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿੱਚ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖਲ ਅਮਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਪੰਡੋਰੀ ਨਿੱਝਰਾਂ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਵੇਲੇ ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਸੀ। ਪਿੰਡ ਦੇ ਸਾਬਕਾ ਪੰਚ ਅਨੂਪ ਸਿੰਘ ਨੂਪੀ ਪੁੱਤਰ ਅਮਰਪਾਲ ਸਿੰਘ ਨੇ ਇਸ ਦਾ ਵਿਰੋਧ ਕੀਤਾ ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ। ਵੋਟਾਂ ਦੌਰਾਨ ਸਾਰੇ ਉਮੀਦਵਾਰਾਂ ਨਾਲ ਉਹ ਆਪ ਵੀ ਹਾਰ ਗਿਆ। ਅਮਰਜੀਤ ਨੇ ਕਿਹਾ ਕਿ ਉਸ ਨੇ ਵੋਟਾਂ ਵਿੱਚ ਅਨੂਪ ਸਿੰਘ ਦਾ ਸਾਥ ਨਹੀਂ ਦਿੱਤਾ। ਇਸ ਰੰਜਿਸ਼ ਕਾਰਨ ਰਾਤ ਸ਼ਰਾਬ ਪੀ ਕੇ ਨੂਪੀ, ਇਸ ਦਾ ਜੀਜਾ ਸੁਖਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਹੁਸੈਨਪੁਰ, ਟਾਂਡਾ, ਬਲਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਭੋਗਪੁਰ ਨਾਲ ਦੋ ਅਣਪਛਾਤੇ ਵਿਅਕਤੀਆਂ ਨੇ ਹੱਥਾਂ ਵਿੱਚ ਹਥਿਆਰ ਲੈ ਕੇ ਘਰ ਅੱਗੇ ਲਲਕਾਰੇ ਮਾਰੇ ਤੇ ਮੈਨੂੰ ਘਰ ਤੋਂ ਬਾਹਰ ਆਉਣ ਲਈ ਕਿਹਾ। ਵਿਰੋਧ ਕਰਨ ਉੱਤੇ ਸਾਬਕਾ ਪੰਚ ਨੂਪੀ ਨੇ ਪਿਸਤੌਲ ਨਾਲ ਗੇਟ ਵਿੱਚ ਗੋਲੀ ਮਾਰੀ ਅਤੇ ਜਬਰੀ ਘਰ ਵਿੱਚ ਵੜ ਕੇ ਮੇਰੇ ਉਤੇ ਹਮਲਾ ਕਰ ਦਿੱਤਾ। ਉਸ ਦੀ ਚਲਾਈ ਗੋਲੀ ਮੇਰੀ ਬਾਂਹ ਉੱਤੇ ਲੱਗੀ ਤੇ ਮੈਂ ਘਰ ਦੀ ਕੰਧ ਟੱਪ ਕੇ ਜਾਨ ਬਚਾਈ। ਡੀ ਐਸ ਪੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅਮਰਜੀਤ ਸਿੰਘ ਦੇ ਬਿਆਨਾ ਤੇ ਪੰਜ ਜਣਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਦੋਸ਼ੀ ਅਨੂਪ ਸਿੰਘ ਨੂਪੀ ਤੇ ਪਹਿਲਾ ਵੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ।