image caption:

ਮਹਿੰਦਰਪਾਲ ਬਿੱਟੂ ਸਣੇ ਚਾਰ ਡੇਰਾ ਪ੍ਰੇਮੀਆਂ ਦੀ ਜ਼ਮਾਨਤ ਅਰਜ਼ੀ ਅਦਾਲਤ ਤੋਂ ਰੱਦ

ਫਰੀਦਕੋਟ- ਮਈ 2015 ਵਿੱਚ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੇ ਸਤੰਬਰ 2015 'ਚ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੇਸਾਂ ਦੀ ਜਾਂਚ ਆਈ ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਫੜੇ ਮਹਿੰਦਰਪਾਲ ਬਿੱਟੂ ਸਮੇਤ ਚਾਰ ਡੇਰਾ ਪ੍ਰੇਮੀਆਂ ਦੀ ਜ਼ਮਾਨਤ ਅਰਜ਼ੀ ਸਥਾਨਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਏਕਤਾ ਉਪਲ ਨੇ ਰੱਦ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਬੇਅਦਬੀ ਦੇ ਕੇਸਾਂ ਦੀ ਜਾਂਚ ਦੌਰਾਨ ਮਹਿੰਦਰਪਾਲ ਬਿੱਟੂ ਦੇ ਘਰ ਪੜਤਾਲ ਦੌਰਾਨ ਇਤਰਾਜ਼ ਯੋਗ ਹਾਲਾਤ 'ਚ ਗੁਰੂ ਨਾਨਕ ਦੇਵ ਜੀ ਦੀ ਸਾਥਖ ਤੇ ਚੱਲੇ ਹੋਏ ਕਾਰਤੂਸ ਬਰਾਮਦ ਕੀਤੇ ਸਨ, ਜਿਸ ਉਤੇ ਸਿਟੀ ਪੁਲਸ ਕੋਟਕਪੂਰਾ ਨੇ 13 ਜੂਨ 2018 ਨੂੰ ਮਹਿੰਦਰਪਾਲ ਬਿੱਟੂ, ਮਹਿੰਦਰ ਕੁਮਾਰ, ਸ਼ਕਤੀ ਸਿੰਘ ਤੇ ਸੁਖਜਿੰਦਰ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਪੁਲਸ ਨੇ ਮਹਿੰਦਰਪਾਲ ਸਿੰਘ ਬਿੱਟੂ ਨੂੰ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ 'ਚ ਵੀ ਦੋਸ਼ੀ ਨਾਮਜ਼ਦ ਕੀਤਾ ਸੀ ਅਤੇ ਮਹਿੰਦਰਪਾਲ ਦੇ ਨਾਲ ਡੇਰਾ ਪ੍ਰੇਮੀ ਮਹਿੰਦਰ ਕੁਮਾਰ, ਸ਼ਕਤੀ ਸਿੰਘ ਤੇ ਸੁਖਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਦਾ ਦਾਅਵਾ ਸੀ ਕਿ ਫੜੇ ਗਏ ਡੇਰਾ ਪ੍ਰੇਮੀਆਂ ਨੇ ਬੈਂਕ ਖਾਤਿਆਂ ਰਾਹੀਂ ਛੇ ਕਰੋੜ ਰੁਪਏ ਦਾ ਲੈਣ ਦੇਣ ਕੀਤਾ ਹੈ। ਇਨ੍ਹਾਂ ਪ੍ਰੇਮੀਆਂ ਵਿਰੁੱਧ ਅਜੇ ਤੱਕ ਜ਼ਿਲਾ ਪੁਲਸ ਨੇ ਅਦਾਲਤ 'ਚ ਦੋਸ਼ ਪੱਤਰ ਦਾਇਰ ਨਹੀਂ ਕੀਤੇ। ਪੁਲਸ ਨੇ ਅਦਾਲਤ ਨੂੰ ਜਾਣੂੰ ਕਰਵਾ ਦਿੱਤਾ ਹੈ ਕਿ ਚਲਾਨ ਪੇਸ਼ ਕਰਨ ਲਈ ਹੋਮ ਡਿਪਾਰਟਮੈਂਟ ਦੀ ਲਿਖਤੀ ਮਨਜ਼ੂਰੀ ਲੋੜੀਂਦੀ ਹੈ ਜੋ ਅਜੇ ਵੀ ਜ਼ਿਲਾ ਪੁਲਸ ਨੂੰ ਨਹੀਂ ਮਿਲੀ। ਅਦਾਲਤ ਨੇ ਮਨਜ਼ੂਰੀ ਲੈਣ ਲਈ ਪੁਲਸ ਨੂੰ 90 ਦਿਨ ਦਾ ਹੋਰ ਸਮਾਂ ਦੇ ਦਿੱਤਾ ਹੈ।