image caption:

ਬ੍ਰਿਟਿਸ਼ ਪਾਰਲੀਮੈਂਟ ਵਿੱਚ ਬ੍ਰੈਗਜ਼ਿਟ ਮੁੱਦੇ ਉੁੱਤੇ ਟੈਰੇਸਾ ਮੇਅ ਦਾ ਖਰੜਾ ਰੱਦ

ਲੰਡਨ- ਬ੍ਰਿਟੇਨ ਦੀ ਸਰਕਾਰ ਦੀ ਬ੍ਰੈਗਜ਼ਿਟ ਪਲਾਨ 'ਤੇ ਪਾਰਲੀਮੈਂਟ ਦੀ ਮੋਹਰ ਲਵਾਉਣ ਦੀ ਕੋਸਿ਼ਸ਼ ਵਿੱਚ ਪ੍ਰਧਾਨ ਮੰਤਰੀ ਟੈਰੇਸਾ ਮੇਅ ਨੂੰ ਸ਼ੁਰੂਆਤੀ ਦੌਰ ਵਿੱਚ ਝਟਕਾ ਲੱਗਾ ਹੈ।
ਕੱਲ੍ਹ ਬ੍ਰਿਟਿਸ਼ ਪਾਰਲੀਮੈਂਟ ਨੇ ਟੈਰੇਸਾ ਮੇਅ ਤੋਂ ਬਦਲਵੀਂ ਕਾਰਜ ਯੋਜਨਾ ਦੀ ਮੰਗ ਕੀਤੀ। ਟੈਰੇਸਾ ਨੇ ਬ੍ਰੈਗਜ਼ਿਟ 'ਤੇ ਆਪਣੇ ਖਰੜੇ 'ਤੇ ਵੋਟਿੰਗ ਲਈ 15 ਜਨਵਰੀ ਐਲਾਨ ਕੀਤੀ ਹੈ। ਬ੍ਰੈਗਜ਼ਿਟ ਬ੍ਰਿਟੇਨ ਦੇ ਯੂਰਪੀ ਯੂਨੀਅਨ (ਈ ਯੂ) ਤੋਂ ਬਾਹਰ ਨਿਕਲਣ ਦੀ ਪ੍ਰਕਿਰਿਆ ਹੈ, ਜਿਹੜੀ 29 ਮਾਰਚ ਨੂੰ ਪੂਰੀ ਹੋਣੀ ਹੈ। ਪਾਰਲੀਮੈਂਟ ਵਿੱਚ ਸ਼ੁਰੂ ਹੋਈ ਪੰਜ ਦਿਨ ਦੀ ਬਹਿਸ ਵੇਲੇ ਟੈਰੇਸਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੱਲ੍ਹ ਪਾਰਲੀਮੈਂਟ ਵਿੱਚ 298 ਸਮਰਥਕਾਂ ਦੇ ਜਵਾਬ ਵਿੱਚ 308 ਪਾਰਲੀਮੈਂਟ ਮੈਂਬਰਾਂ ਦੇ ਸਮਰਥਨ ਵਾਲੀ ਮੰਗ ਪਾਸ ਹੋਈ, ਜਿਸ ਵਿੱਚ ਟੈਰੇਸਾ ਸਰਕਾਰ ਨੂੰ ਬ੍ਰੈਗਜ਼ਿਟ ਦੇ ਬਾਅਦ ਦੀ ਬਦਲਵੀਂ ਕਾਰਜ ਯੋਜਨਾ ਪੇਸ਼ ਕਰਨ ਲਈ ਕਿਹਾ ਗਿਆ। ਸਰਕਾਰ ਨੂੰ ਇਹ ਖਰੜਾ ਤਿੰਨ ਦਿਨ ਦੇ ਅੰਦਰ ਪੇਸ਼ ਕਰਨ ਦੇ ਲਈ ਕਿਹਾ ਗਿਆ ਹੈ। ਟੈਰੇਸਾ ਨੇ ਆਪਣੇ ਖਰੜੇ ਵਿੱਚ ਕੋਈ ਫੇਰਬਦਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਖਰੜੇ ਦੇ ਅਨੁਸਾਰ ਈ ਯੂ ਤੋਂ ਬਾਹਰ ਆਉਣ ਪਿੱਛੋਂ ਵੀ ਬ੍ਰਿਟੇਨ ਉਸ ਨਾਲ ਮਜ਼ਬੂਤ ਵਪਾਰਕ ਸੰਬੰਧ ਬਣਾਈ ਰੱਖੇਗਾ। ਬ੍ਰਿਟੇਨ ਦੇ ਬਾਹਰ ਆਉਣ ਦੇ ਬਾਅਦ ਈ ਯੂ ਵਿੱਚ 27 ਦੇਸ਼ ਬਚਣਗੇ।
ਟੈਰੇਸਾ ਮੇਅ ਦੇ ਇਸ ਰੁਖ਼ ਕਾਰਨ ਸਰਕਾਰ ਅਤੇ ਬ੍ਰੈਗਜ਼ਿਟ ਦੇ ਭਵਿੱਖ ਬਾਰੇ ਸਵਾਲ ਉਠਣ ਲੱਗੇ ਹਨ। ਇਸ ਸਭ ਤੋਂ ਵੱਡੇ ਵਿਦੇਸ਼ ਅਤੇ ਕਾਰੋਬਾਰ ਨੀਤੀ ਦੇ ਬਦਲਾਅ 'ਤੇ ਦੂਸਰੀ ਵਾਰ ਰਿਫਰੈਂਡਮ ਦੀ ਸੰਭਾਵਨਾ ਸਿਰ ਚੁੱਕਣ ਲੱਗੀ ਹੈ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਸਪੀਕਰ 'ਤੇ ਭੇਦਭਾਵ ਦਾ ਦੋਸ਼ ਲਾਇਆ ਹੈ। ਆਪੋਜ਼ੀਸ਼ਨ ਲੇਬਰ ਪਾਰਟੀ ਨੇ ਕਿਹਾ ਕਿ 15 ਨੂੰ ਬ੍ਰੈਗਜ਼ਿਟ ਨਾਲ ਸੰਬੰਧਤ ਚੋਣ ਨਹੀਂ ਹੋਈ ਤਾਂ ਉਹ ਸਰਕਾਰ ਦੇ ਖਿਲਾਫ ਬੇਭਰੋਸਗੀ ਮਤਾ ਲਿਆ ਸਕਦੀ ਹੈ।