image caption:

ਸ਼ਿਵ ਸੈਨਾ ਆਗੂਆਂ ਨੂੰ ਚੁਸਤੀ ਵਿਖਾਉਣੀ ਮਹਿੰਗੀ ਪਈ, 5 ਗ੍ਰਿਫ਼ਤਾਰ

ਲੁਧਿਆਣਾ- ਪੰਜਾਬ ਪੁਲੀਸ ਤੋਂ ਹੋਰ ਗੰਨਮੈਨ ਲੈਣ ਦੀ ਸਾਜ਼ਿਸ਼ ਘੜਨ ਦੇ ਦੋਸ਼ ਵਿੱਚ ਸਰਦਾਰ ਨਗਰ ਦੇ ਵਸਨੀਕ ਸ਼ਿਵ ਸੈਨਾ (ਹਿੰਦ) ਦੇ ਜ਼ਿਲ੍ਹਾ ਪ੍ਰਧਾਨ ਸੰਚਿਤ ਮਲਹੋਤਰਾ, ਸ਼ਿਵ ਸੈਨਾ (ਹਿੰਦ) ਦੇ ਕੌਮੀ ਉਪ ਪ੍ਰਧਾਨ ਰੋਹਿਤ ਸਾਹਨੀ, ਪਿੰਡ ਮਿਹਰਬਾਨ ਦੇ ਮਨਿੰਦਰ ਸਿੰਘ ਉਰਫ਼ ਗ਼ੋਲਡੀ, ਬਲਦੇਵ ਨਗਰ ਵਾਸੀ ਪ੍ਰੇਮ ਸਾਗਰ ਅਤੇ ਜਗੀਰਪੁਰ ਰੋਡ ਦੀ ਗੋਲਡਨ ਐਵੇਨਿਊ ਵਾਸੀ ਗੁਰਪ੍ਰੀਤ ਸਿੰਘ ਉਰਫ਼ ਸੋਨੂੰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਕ ਦੋਸ਼ੀ ਫ਼ਰਾਰ ਹੈ। ਅਦਾਲਤ ਨੇ ਬਾਕੀਆਂ ਨੂੰ ਪੁਲੀਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਕਮਿਸ਼ਨਰੇਟ ਪੁਲੀਸ ਦੇ ਦੱਸਣ ਅਨੁਸਾਰ ਰੋਹਿਤ ਸਾਹਨੀ ਤੇ ਸੰਚਿਤ ਮਲਹੋਤਰਾ ਨੇ ਖ਼ੁਦ ਆਪਣੇ ਘਰਾਂ ਦੇ ਬਾਹਰ ਧਮਕੀ ਭਰੇ ਪੱਤਰ ਸੁਟਵਾ ਕੇ ਪੁਲੀਸ ਨੂੰ ਕਿਹਾ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ। ਇਹ ਸਾਰੀ ਯੋਜਨਾ ਗੰਨਮੈਨ ਲੈਣ ਵਾਸਤੇ ਬਣਾਈ ਗਈ ਸੀ। ਪੁਲੀਸ ਕਮਿਸ਼ਨਰ ਆਰ ਐਨ ਢੋਕੇ ਨੇ ਦੱਸਿਆ ਕਿ ਰੋਹਿਤ ਸਾਹਨੀ ਦੇ ਕੋਲ ਪਹਿਲਾਂ ਤੋਂ ਇੱਕ ਗੰਨਮੈਨ ਸੀ, ਜਦੋਂ ਕਿ ਸੰਚਿਤ ਮਲਹੋਤਰਾ ਗੰਨਮੈਨ ਲੈਣਾ ਚਾਹੁੰਦਾ ਸੀ ਤੇ ਰੋਹਿਤ ਆਪਣੇ ਗੰਨਮੈਨ ਵਧਾਉਣਾ ਚਾਹੁੰਦਾ ਸੀ। ਇਸ ਲਈ ਉਨ੍ਹਾਂ ਸੰਚਿਤ ਦੇ ਦੋਸਤ ਬਲਜੀਤ ਨਾਲ ਮਿਲ ਕੇ ਯੋਜਨਾ ਘੜੀ। ਬਲਜੀਤ ਨੇ ਗੋਲਡੀ ਤੇ ਸੰਚਿਤ ਦੀ ਮੁਲਾਕਾਤ ਕਰਵਾਈ। ਗੋਲਡੀ ਤੇ ਸੰਨੀ ਨਾਮ ਦੇ ਦੋਸ਼ੀ ਨੇ ਪੋਸਟਰ ਸੁੱਟੇ ਤੇ ਇਸ ਕੰਮ ਦੇ ਲਈ ਸੰਨੀ ਦਾ ਮੋਟਰਸਾਈਕਲ ਵਰਤਿਆ। ਇਸ ਦੇ ਬਾਅਦ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੰਚਿਤ ਨੇ ਕਿਹਾ ਕਿ ਸ਼ਿਵ ਸੈਨਾ (ਹਿੰਦ) ਦੇ ਕੌਮੀ ਉਪ ਪ੍ਰਧਾਨ ਰੋਹਿਤ ਸਾਹਨੀ ਦੇਸ਼ ਵਿਰੋਧੀ ਤਾਕਤਾਂ ਦੇ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਉਠਾਉਂਦੇ ਹਨ, ਇਸ ਕਾਰਨ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਤੇ ਵੱਖਵਾਦੀਆਂ ਨੇ ਉਨ੍ਹਾਂ ਦੇ ਘਰ ਅੱਗੇ ਧਮਕੀ ਭਰੇ ਪੋਸਟਰ ਸੁੱਟੇ ਹਨ। ਪੁਲੀਸ ਨੇ ਸ਼ੁਰੂ ਦੀ ਜਾਂਚ ਵਿੱਚ ਸੰਚਿਤ ਦੇ ਫੋਨ ਉੱਤੇ ਵੱਟਸਐਪ ਰਾਹੀਂ ਆਈਆਂ ਧਮਕੀਆਂ ਵਾਲੇ ਨੰਬਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਫੋਨ ਗੋਲਡੀ ਵਰਤਦਾ ਸੀ। ਪੁਲੀਸ ਨੇ ਅੱਗੇ ਜਾਂਚ ਕੀਤੀ ਤਾਂ ਭੇਦ ਖੁੱਲ੍ਹ ਗਿਆ। ਦੋਸ਼ੀਆਂ ਦੀ ਪੁੱਛਗਿੱਛ ਤੋਂ ਪੁਲੀਸ ਨੂੰ ਪਤਾ ਲੱਗਾ ਕਿ ਇਹ ਸਾਜ਼ਿਸ਼ ਗੰਨਮੈਨ ਲੈਣ ਵਾਸਤੇ ਘੜੀ ਗਈ ਸੀ। ਪੁਲਸ ਕਮਿਸ਼ਨਰ ਢੋਕੇ ਨੇ ਦੱਸਿਆ ਕਿ 22 ਸਤੰਬਰ ਨੂੰ ਸ਼ਿਕਾਇਤ ਮਿਲਣ ਪਿੱਛੋਂ ਸਾਰੇ ਕੇਸ ਦੀ ਜਾਂਚ ਹੋਈ ਤੇ ਦੋਸ਼ੀਆਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ।