image caption:

ਯੂ ਏ ਈ ਵਿੱਚ ਪਹੁੰਚੇ ਪੋਪ ਫਰਾਂਸਿਸ ਦਾ ਸ਼ਾਹੀ ਸਵਾਗਤ

ਆਬੂ ਧਾਬੀ- ਯੂ ਏ ਈ ਦੇ ਇਤਿਹਾਸਕ ਦੌਰੇ ਉਤੇ ਪੁੱਜੇ ਪੋਪ ਫਰਾਂਸਿਸ ਦਾ ਕੱਲ੍ਹ ਇਥੇ ਸ਼ਾਹੀ ਅੰਦਾਜ਼ 'ਚ ਸਵਾਗਤ ਕੀਤਾ ਗਿਆ। ਆਲੀਸ਼ਾਨ ਰਾਸ਼ਟਰਪਤੀ ਭਵਨ ਪੁੱਜਣ 'ਤੇ ਉਨ੍ਹਾਂ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ ਤੇ ਹਵਾਈ ਫੌਜ ਦੇ ਜਹਾਜ਼ਾਂ ਨੇ ਆਕਾਸ਼ 'ਚ ਵੈਟੀਕਨ ਦੇ ਝੰਡੇ ਦੇ ਪੀਲੇ ਤੇ ਸਫੈਦ ਰੰਗ ਦੇ ਧੂੰਏਂ ਦਾ ਗੁਬਾਰ ਪੇਸ਼ ਕੀਤਾ। ਫਰਾਂਸਿਸ ਇਸਲਾਮ ਦੀ ਜਨਮ ਭੂਮੀ ਅਰਬ ਖਿੱਤੇ ਦੀ ਯਾਤਰਾ ਕਰਨ ਵਾਲੇ ਪਹਿਲੇ ਪੋਪ ਹਨ।
ਰਾਸ਼ਟਰਪਤੀ ਭਵਨ ਵਿੱਚ ਪੋਪ ਦੇ ਸਵਾਗਤ ਲਈ ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ-ਨਾਹਯਾਨ ਤੋਂ ਇਲਾਵਾ ਯੂ ਏ ਈ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਵੀ ਮੌਜੂਦ ਸਨ। ਇਸ ਦੌਰਾਨ ਵੈਟੀਕਨ ਅਤੇ ਯੂ ਏ ਈ ਦੇ ਰਾਸ਼ਟਰ ਗਾਨ ਵਜਾਏ ਗਏ ਅਤੇ ਯੂ ਏ ਈ ਦੇ ਹੋਰ ਆਗੂਆਂ ਨਾਲ ਪੋਪ ਦੀ ਜਾਣ ਪਛਾਣ ਕਰਵਾਈ ਗਈ। ਉਹ ਆਬੂ ਧਾਬੀ ਦੀ ਸ਼ੇਖ ਜ਼ਾਇਦ ਮਸਜਿਦ 'ਚ ਇਕ ਧਾਰਮਿਕ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਯੂ ਏ ਈ 'ਚ ਕਰੀਬ ਦਸ ਲੱਖ ਕੈਥੋਲਿਕ ਈਸਾਈ ਰਹਿੰਦੇ ਹਨ, ਪਰ ਅਰਬ ਦੇਸ਼ਾਂ 'ਚ ਚਰਚ ਬਣਾਉਣ 'ਤੇ ਫਿਲਹਾਲ ਪਾਬੰਦੀ ਹੈ।