image caption:

ਟਵਿੱਟਰ ਦੇ ਪ੍ਰਤੀਨਿਧੀਆਂ ਨੇ ਪਾਰਲੀਮੈਂਟਰੀ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਸਿਰ ਫੇਰਿਆ

ਨਵੀਂ ਦਿੱਲੀ- ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ ਸਿਆਸੀ ਆਧਾਰ ਉੱਤੇ ਪੱਖਪਾਤੀ ਵਿਹਾਰ ਦੇ ਦੋਸ਼ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਕੰਪਨੀ ਸਿਆਸੀ ਵਿਚਾਰਧਾਰਾ ਦੇ ਆਧਾਰ 'ਤੇ ਕੋਈ ਕਦਮ ਨਹੀਂ ਚੁੱਕਦੀ। ਕੰਪਨੀ ਦਾ ਬਿਆਨ ਓਦੋਂ ਸਾਹਮਣੇ ਆਇਆ ਜਦੋਂ ਸੂਚਨਾ ਤਕਨੀਕ 'ਤੇ ਪਾਰਲੀਮੈਂਟਰੀ ਕਮੇਟੀ ਨੇ ਟਵਿੱਟਰ ਦੇ ਅਧਿਕਾਰੀਆਂ ਨੂੰ 11 ਫਰਵਰੀ ਨੂੰ ਤਲਬ ਕੀਤਾ ਸੀ।
ਟਵਿੱਟਰ ਦੇ ਸੀ ਈ ਓ ਵਿਜਯਾ ਗੋਡੇ ਅਤੇ ਹੋਰ ਪ੍ਰਤੀਨਿਧਾਂ ਨੇ ਫਿਲਹਾਲ ਲੋਕ ਸਭਾ ਦੇ ਮੈਂਬਰ ਅਨੁਰਾਗ ਠਾਕੁਰ ਦੀ ਅਗਵਾਈ ਵਾਲੀ ਪਾਰਲੀਮੈਂਟਰੀ ਕਮੇਟੀ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਕਮੇਟੀ ਨੇ ਟਵਿੱਟਰ ਪ੍ਰਤੀਨਿਧਾਂ ਨੂੰ ਪੇਸ਼ ਹੋਣ ਲਈ ਤਕਰੀਬਨ 10 ਦਿਨ ਦਿੱਤੇ ਸਨ, ਪਰ ਉਨ੍ਹਾਂ ਨੇ ਇਸ ਸਮੇਂ ਨੂੰ ਘੱਟ ਦੱਸਿਆ ਸੀ। ਇਨ੍ਹਾਂ ਅਧਿਕਾਰੀਆਂ ਨੂੰ ਨਾਗਰਿਕਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਹੱਕਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਚਰਚਾ ਲਈ ਬੁਲਾਇਆ ਗਿਆ ਸੀ। ਟਵਿੱਟਰ ਨੇ ਬਿਆਨ ਰਾਹੀਂ ਸਥਿਤੀ ਸਾਫ ਕਰ ਕੇ ਕਿਹਾ ਕਿ ਬੀਤੇ ਹਫਤਿਆਂ ਵਿੱਚ ਟਵਿੱਟਰ ਤੇ ਸਿਆਸੀ ਵਿਚਾਰਧਾਰਾ ਬਾਰੇ ਕਾਫੀ ਬਹਿਸ ਹੋਈ ਸੀ। ਟਵਿੱਟਰ ਨੇ ਖੁਦ ਨੂੰ ਮੁਕਤ, ਪਾਰਦਰਸ਼ੀ ਤੇ ਬਿਨਾਂ ਵਿਕਤਰੇ ਦੇ ਸਿਧਾਂਤਾਂ 'ਤੇ ਚੱਲਣ ਵਾਲੀ ਸੰਸਥਾ ਦੱਸਦਿਆਂ ਕਿਹਾ ਕਿ ਟਵਿੱਟਰ ਅਜਿਹਾ ਮੰਚ ਹੈ ਜਿੱਥੇ ਵੱਖ-ਵੱਖ ਖੇਤਰਾਂ ਦੀ ਆਵਾਜ਼ ਵੇਖੀ ਸੁਣੀ ਜਾ ਸਕਦੀ ਹੈ। ਪਾਰਲੀਮੈਂਟਰੀ ਕਮੇਟੀ ਨੇ ਇੱਕ ਫਰਵਰੀ ਨੂੰ ਟਵਿੱਟਰ ਨੂੰ ਚਿੱਠੀ ਭੇਜ ਕੇ ਤਲਬ ਕੀਤਾ ਸੀ। ਪਹਿਲਾਂ ਇਸ ਸੰਬੰਧ ਵਿੱਚ ਸੱਤ ਫਰਵਰੀ ਨੂੰ ਮੀਟਿੰਗ ਹੋਣੀ ਸੀ, ਪਰ ਟਵਿੱਟਰ ਦੇ ਸੀ ਈ ਓ ਜੈਕ ਚਾਰਮੀ ਤੇ ਸੀਨੀਅਰ ਅਧਿਕਾਰੀਆਂ ਨੂੰ ਲੋੜੀਂਦਾ ਵਕਤ ਦੇਣ ਲਈ ਮੀਟਿੰਗ 11 ਫਰਵਰੀ 'ਤੇ ਮੁਲਤਵੀ ਕਰ ਦਿੱਤੀ ਗਈ।
ਵਰਨਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਖੱਬੇ ਪੱਖੀ ਸੰਗਠਨ ਯੂਥ ਫਾਰ ਸੋਸ਼ਲ ਮੀਡੀਆ ਡੈਮੋਕ੍ਰੇਸੀ ਦੇ ਮੈਂਬਰਾਂ ਨੇ ਕੰਪਨੀ 'ਤੇ ਵਿਤਕਰਾ ਕਰ ਕੇ ਉਨ੍ਹਾਂ ਦੇ ਖਾਤੇ ਬੰਦ ਕਰਨ ਦਾ ਦੋਸ਼ ਲਾਇਆ ਸੀ ਅਤੇ ਇਸ ਸੰਬੰਧ ਵਿੱਚ ਅਨੁਰਾਗ ਠਾਕੁਰ ਨੂੰ ਚਿੱਠੀ ਵੀ ਲਿਖੀ ਸੀ।