image caption:

ਬਲਾਤਕਾਰ ਕੇਸ ਦੀਆਂ ਗਵਾਹ ਨੰਨਾਂ ਦੀ ਬਦਲੀ ਦੇ ਹੁਕਮ ਰੱਦ

ਕੋਟਿਅਮ- ਕੇਰਲ 'ਚ ਬਲਾਤਕਾਰ ਕੇਸ ਦੇ ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਦੀ ਗ੍ਰਿਫਤਾਰੀ ਦੀ ਮੰਗ ਕਰਨ ਵਾਲੀ ਅਤੇ ਗਵਾਹ ਚਾਰ ਨਨਾਂ ਦੇ ਤਬਾਦਲੇ ਦੇ ਹੁਕਮਾਂ ਨੂੰ ਚਰਚ ਨੇ ਵਾਪਸ ਲੈ ਕੇ ਉਨ੍ਹਾਂ ਨੂੰ ਕਾਨਵੈਂਟ 'ਚ ਉਦੋਂ ਤੱਕ ਕੰਮ ਕਰਦੇ ਰਹਿਣ ਨੂੰ ਕਿਹਾ ਹੈ, ਜਦੋਂ ਤੱਕ ਅਦਾਲਤੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ।
ਚਾਰ ਨਨਾਂ ਵਿੱਚੋਂ ਇੱਕ ਸਿਸਟਰ ਅਨੁਪਮਾ ਨੇ ਤਬਾਦਲੇ ਦੇ ਹੁਕਮ ਰੱਦ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਨਵੇਂ ਬਿਸ਼ਪ ਦੇ ਪੱਤਰ ਵਿੱਚ ਉਨ੍ਹਾਂ ਨੂੰ ਕੁਰੂਵਿਲੰਗਾਡ ਕਾਨਵੈਂਟ ਵਿੱਚ ਕੰਮ ਕਰਦੇ ਰਹਿਣ ਨੂੰ ਕਿਹਾ ਗਿਆ ਹੈ। ਇਹ ਸਥਿਤੀ ਬਲਾਤਕਾਰ ਕੇਸ ਦੀ ਸੁਣਵਾਈ ਪੂਰੀ ਹੋਣ ਤੱਕ ਰਹੇਗੀ। ਸਿਸਟਮ ਅਨੁਪਮਾ ਨੇ ਬਿਸ਼ਪ ਦਾ ਪੱਤਰ ਲੋਕਾਂ ਦੀ ਰੈਲੀ ਵਿੱਚ ਪੜ੍ਹ ਕੇ ਸੁਣਾਇਆ। ਇਹ ਰੈਲੀ ਬਦਲੀਆਂ ਗਈਆਂ ਚਾਰ ਨਨਾਂ ਦੇ ਸਮਰਥਨ ਵਿੱਚ ਕਰਵਾਈ ਗਈ ਸੀ। ਸਮਾਜ ਦੇ ਸਾਰੇ ਵਰਗਾਂ ਦੇ ਲੋਕ ਇਨ੍ਹਾਂ ਨਨਾਂ ਦੇ ਕੁਰੂਵਿਗੰਲਾਡ ਤੋਂ ਤਬਾਦਲਾ ਕੀਤੇ ਜਾਣ ਦਾ ਵਿਰੋਧ ਕਰ ਰਹੇ ਸਨ। ਇਸੇ ਦੌਰਾਨ ਪੰਜ ਲੋਕਾਂ ਵੱਲੋਂ ਰੈਲੀ ਦਾ ਵਿਰੋਧ ਕੀਤੇ ਜਾਣ ਨਾਲ ਸਥਿਤੀ ਵਿਗੜਨ ਲੱਗੀ, ਪਰ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਰੈਲੀ ਵਾਲੀ ਥਾਂ ਤੋਂ ਦੂਰ ਲੈ ਗਈ। ਸਮਝਿਆ ਜਾਂਦਾ ਹੈ ਕਿ ਰੈਲੀ ਦਾ ਵਿਰੋਧ ਕਰਨ ਵਾਲੇ ਇਹ ਲੋਕ ਬਿਸ਼ਪ ਫਰੈਂਕੋ ਦੇ ਸਮਰਥਕ ਸਨ। ਵਰਨਣ ਯੋਗ ਹੈ ਕਿ ਬਿਸ਼ਪ ਫਰੈਂਕੋ ਦੀ ਗ੍ਰਿਫਤਾਰੀ ਦੀ ਮੰਗ ਕਰਨ ਵਾਲੀਆਂ ਚਾਰ ਨਨਾਂ ਨੂੰ ਜਨਵਰੀ ਵਿੱਚ ਦੇਸ਼ ਦੇ ਚਾਰ ਵੱਖ-ਵੱਖ ਸਥਾਨਾਂ ਲਈ ਭੇਜ ਦਿੱਤਾ ਗਿਆ ਸੀ। ਜਦੋਂ ਉਨ੍ਹਾਂ ਨੇ ਇਸ ਕੇਸ 'ਚ ਮੁੱਖ ਮੰਤਰੀ ਪਿਨਰਈ ਵਿਜਯਨ ਨੂੰ ਦਖਲ ਦੇਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਕੁਝ ਨਹੀਂ ਕੀਤਾ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਕਮੁੱਠ ਹੋ ਕੇ ਨਨਾਂ ਦੇ ਤਬਾਦਲੇ ਦਾ ਵਿਰੋਧ ਸ਼ੁਰੂ ਕਰ ਦਿੱਤਾ। ਏਸੇ ਵਿਰੋਧ ਦਾ ਨਤੀਜਾ ਸੀ ਕਿ ਚਰਚ ਪ੍ਰਸ਼ਾਸਨ ਨੂੰ ਚਾਰ ਨਨਾਂ ਦੀ ਬਦਲੀ ਰੱਦ ਕਰਨੀ ਪਈ।