image caption:

ਸ਼ਿਵ ਸੈਨਾ ਫਿਰ ਮੋਦੀ ਨੂੰ ਪਈ: ਰਾਫੇਲ ਸੌਦੇ ਹਵਾਈ ਫੌਜ ਨੂੰ ਮਜ਼ਬੂਤ ਕਰਨ ਲਈ ਕੀਤੇ ਜਾਂ ਇੱਕ ਪੂੰਜੀਪਤੀ ਨੂੰ

ਮੁੰਬਈ- ਫਰਾਂਸ ਤੋਂ ਰਾਫੇਲ ਹਵਾਈ ਜਹਾਜ਼ ਖਰੀਦਣ ਬਾਰੇ ਕੱਲ ਸ਼ਿਵ ਸੈਨਾ ਨੇ ਸਵਾਲ ਦਾਗ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਰਾਫੇਲ ਸੌਦਾ ਹਵਾਈ ਫੌਜ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ ਜਾਂ ਆਰਥਿਕ ਤੌਰ 'ਤੇ ਪ੍ਰੇਸ਼ਾਨ ਇੱਕ ਉਦਯੋਗਪਤੀ ਦੀ ਹਾਲਤ ਠੀਕ ਕਰਨ ਲਈ ਇਸ ਤਰ੍ਹਾਂ ਦੀ ਗੁਪਤ ਖੇਡ ਖੇਡੀ ਗਈ ਹੈ।
ਆਪਣੇ ਅਖਬਾਰ ਸਾਮਨਾ ਵਿੱਚ ਛਪੀ ਇੱਕ ਰਿਪੋਰਟ ਤੋਂ ਬਾਅਦ ਪਾਰਟੀ ਨੇ ਇਹ ਟਿੱਪਣੀ ਕੀਤੀ ਹੈ। ਉਸ ਖਬਰ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਰੱਖਿਆ ਮੰਤਰਾਲਾ ਨੇ ਭਾਰਤ ਅਤੇ ਫਰਾਂਸ ਵਿਚਾਲੇ 59 ਹਜ਼ਾਰ ਕਰੋੜ ਰੁਪਏ ਦੇ ਰਾਫੇਲ ਸੌਦੇ ਬਾਰੇ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਫੌਜੀ ਖਰੀਦ ਕਮੇਟੀ ਦੇ ਸਮਾਨੰਤਰ ਕੀਤੀ ਗਈ ਸੌਦੇਬਾਜ਼ੀ ਉੱਤੇ ਇੱਕ ਫੌਜੀ ਜਰਨੈਲ ਨੇ ਸਖਤ ਇਤਰਾਜ਼ ਜਤਾਇਆ ਸੀ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਸਾਮਨਾ ਦੇ ਸੰਪਾਦਕੀ ਵਿੱਚ ਕਿਹਾ ਹੈ ਕਿ ਮੋਦੀ ਨੇ ਬੀਤੇ ਵੀਰਵਾਰ ਪਾਰਲੀਮੈਂਟ ਵਿੱਚ ਦੇਸ਼ ਭਗਤੀ ਉੱਤੇ ਭਾਸ਼ਣ ਦਿੱਤਾ ਅਤੇ ਇਸ ਗੁਪਤ ਸੌਦੇ ਦਾ ਬਚਾਅ ਕੀਤਾ ਸੀ, ਪਰ ਅਗਲੇ ਦਿਨ &lsquoਕਾਲਾ ਚਿੱਠਾ' ਸਾਹਮਣੇ ਆ ਗਿਆ, ਜਿਸ ਨੇ ਦੇਸ਼ ਭਗਤੀ ਦੇ ਨਾਅਰੇ ਲਾਉਣ ਤੇ ਸਦਨ ਵਿੱਚ ਤਾੜੀਆਂ ਵਜਾਉਣ ਵਾਲੇ ਲੋਕਾਂ ਨੂੰ ਚੁੱਪ ਕਰਵਾ ਦਿੱਤਾ ਹੈ। ਕਿਸੇ ਦਾ ਨਾਂ ਲਏ ਬਿਨਾਂ ਸ਼ਿਵ ਸੈਨਾ ਨੇ ਕਿਹਾ ਕਿ ਮੋਦੀ ਤੋਂ ਇਸ ਬਾਰੇ ਜਵਾਬ ਦੀ ਆਸ ਕੀਤੀ ਜਾਂਦੀ ਹੈ ਕਿ ਇਹ ਸੌਦਾ ਹਵਾਈ ਫੌਜ ਨੂੰ ਮਜ਼ਬੂਤ ਕਰਨ ਲਈ ਕੀਤਾ ਸੀ ਜਾਂ ਆਰਥਿਕ ਤੌਰ 'ਤੇ ਪ੍ਰੇਸ਼ਾਨ ਇੱਕ ਉਦਯੋਗਪਤੀ ਲਈ ਕੀਤਾ ਗਿਆ ਸੀ।