image caption:

ਰਾਜਸਥਾਨ ਦਾ ਗੁੱਜਰ ਅੰਦੋਲਨ ਹਿੰਸਕ ਹੋਣ ਲੱਗਾ, ਗੱਡੀਆਂ ਸਾੜ ਦਿੱਤੀਆਂ

ਜੈਪੁਰ- ਰਾਜਸਥਾਨ ਵਿਚ ਪਿਛਲੇ ਹਫਤੇ ਤੋਂ ਅਚਾਨਕ ਚੱਲਿਆ ਗੁੱਜਰ ਅੰਦੋਲਨ ਇਸ ਐਤਵਾਰ ਹਿੰਸਕ ਰੁਖ ਧਾਰਨ ਲੱਗ ਪਿਆ। ਧੌਲਪੁਰ ਵਿਚ ਦਿੱਲੀ-ਮੁੰਬਈ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਵੇਲੇ ਅੰਦੋਲਨ ਕਰਦੇ ਲੋਕਾਂ ਅਤੇ ਪੁਲਿਸ ਦੀ ਝੜਪ ਪਿੱਛੋਂ ਭੀੜ ਨੇ ਪਥਰਾਅ ਕਰ ਦਿੱਤਾ। ਜਵਾਬ ਵਿਚ ਪੁਲਿਸ ਨੇ ਹਵਾਈ ਫਾਇਰਿੰਗ ਕੀਤੀ ਤਾਂ ਭਾਜੜ ਦਾ ਮਾਹੌਲ ਬਣ ਗਿਆ। ਇਸ ਦੇ ਬਾਅਦ ਨਾਰਾਜ਼ ਹੋਏ ਅੰਦੋਲਨਕਾਰੀਆਂ ਨੇ ਤਿੰਨ ਗੱਡੀਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਤਾਂ ਤਣਾਅ ਹੋਰ ਵਧ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਹਿੰਸਕ ਭੀੜ ਨੂੰ ਕਾਬੂ ਕਰਨ ਲਈ ਪਹਿਲਾਂ ਅੱਥਰੂ ਗੈਸ ਦੇ ਗੋਲ਼ੇ ਛੱਡੇ ਅਤੇ ਫਿਰ ਹਵਾ ਵਿਚ ਫਾਇਰਿੰਗ ਕੀਤੀ। ਇਸ ਦੌਰਾਨ ਅੱਧਾ ਦਰਜਨ ਪੁਲਿਸ ਜਵਾਨ ਅਤੇ ਕੁਝ ਅੰਦੋਲਨਕਾਰੀ ਜ਼ਖ਼ਮੀ ਹੋ ਗਏ ਤੇ ਇਸ ਹੰਗਾਮੇ ਕਾਰਨ ਕਰੀਬ ਡੇਢ ਘੰਟਾ ਹਾਈਵੇ ਜਾਮ ਰਿਹਾ, ਬਾਅਦ ਵਿੱਚ ਪੁਲਿਸ ਨੇ ਜਾਮ ਖੁੱਲ੍ਹਵਾ ਕੇ ਆਵਾਜਾਈ ਚੱਲਵਾ ਲਈ। ਪੁਲਿਸ ਨੇ ਇਸ ਪਾਸੇ ਧਾਰਾ 144 ਲਾਗੂ ਕਰ ਦਿੱਤੀ ਹੈ। ਪੁਲਿਸ ਸੁਪਰਡੈਂਟ ਅਜੇ ਸਿੰਘ ਦਾ ਕਹਿਣਾ ਹੈ ਕਿ ਸ਼ਾਂਤੀ ਬਹਾਲ ਹੋ ਗਈ ਤੇ ਆਵਾਜਾਈ ਚੱਲ ਪਈ ਹੈ। ਇਸ ਦੌਰਾਨ ਪਤਾ ਲੱਗਾ ਕਿ ਜਿ਼ਲਾ ਬੂੰਦੀ ਦੇ ਨੈਨਵਾ ਵਿਚ ਗੁੱਜਰਾਂ ਨੇ ਮਹਾ ਪੰਚਾਇਤ ਪਿੱਛੋਂ ਹਾਈਵੇ ਜਾਮ ਕੀਤ ਤੇ ਗੁੱਜਰ ਸਮਾਜ ਦੇ ਨੌਜਵਾਨ ਹਾਈਵੇ ਉੱਤੇ ਰਾਜਸਥਾਨੀ ਲੋਕ ਗੀਤਾਂ ਉੱਤੇ ਨਾਚ ਕਰਦੇ ਸਰਕਾਰ ਵਿਰੋਧੀ ਨਾਅਰੇ ਲਾ ਰਹੇ ਸਨ। ਇਹ ਜਾਮ ਖੁਲ੍ਹਵਾਉਣ ਲਈ ਪੁਲਸ ਨੂੰ ਦਖਲ ਦੇਣਾ ਪਿਆ ਸੀ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦਿੱਲੀ ਤੋਂ ਮੁੜਨ ਪਿੱਛੋਂ ਅੱਜ ਐਤਵਾਰ ਸ਼ਾਮ ਮੰਤਰੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਪੂਰੇ ਹਾਲਾਤ ''ਤੇ ਚਰਚਾ ਕੀਤੀ ਤੇ ਤੈਅ ਕੀਤਾ ਕਿ ਸਰਕਾਰ ਇਕ ਵਾਰ ਫਿਰ ਗੁੱਜਰ ਆਗੂਆਂ ਦੇ ਵੱਲ ਗੱਲਬਾਤ ਦੀ ਪੇਸ਼ਕਸ਼ ਦਾ ਸੁਨੇਹਾ ਭੇਜੇਗੀ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਕੈਬਨਿਟ ਮੰਤਰੀ ਵਿਸ਼ਵੇਂਦਰ ਸਿੰਘ ਗੁੱਜਰ ਆਗੂਆਂ ਨੂੰ ਮਿਲਣ ਗਏ ਸਨ। ਅੰਦੋਲਨ ਨਾਲ ਐਤਵਾਰ ਨੂੰ 20 ਰੇਲ ਗੱਡੀਆਂ ਪ੍ਰਭਾਵਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕੁਝ ਨੂੰ ਰੱਦ ਕੀਤਾ ਤੇ ਕੁਝ ਦਾ ਰਸਤਾ ਬਦਲਿਆ ਹੈ। ਇਸ ਇਲਾਕੇ ਵਿੱਚ ਬੱਸ ਸੇਵਾ ਵੀ ਬੰਦ ਪਈ ਹੈ।
ਰਾਖਵਾਂਕਰਨ ਦੀ ਮੰਗ ਲਈ ਪਿਛਲੇ ਹਫਤੇ ਤੋਂ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਮਲਾਰਨਾ ਡੂੰਗਰ ਵਿਚ ਦਿੱਲੀ-ਮੁੰਬਈ ਰੇਲਵੇ ਟਰੈਕ ਰੋਕੀ ਬੈਠੇ ਗੁੱਜਰ ਅੱਜ &lsquoਟਾਕ ਆਨ ਟਰੈਕ'' ਉੱਤੇ ਆ ਗਏ ਤਾਂ ਸਰਕਾਰ ਨੇ ਇਸ ਐਤਵਾਰ ਨੂੰ ਹੋਣ ਵਾਲੀ ਖੇਤੀ ਸਰਵੇਅਰਾਂ ਤੇ ਔਰਤ ਆਂਗਨਵਾੜੀ ਕਾਰਕੁਨਾਂ ਦੀ ਸਿੱਧੀ ਭਰਤੀ ਪ੍ਰੀਖਿਆ ਮੁਲਤਵੀ ਕਰ ਦਿੱਤੀ। ਇਨ੍ਹਾਂ ਪ੍ਰੀਖਿਆਵਾਂ ਵਿੱਚ 1.19 ਲੱਖ ਉਮੀਦਵਾਰ ਸ਼ਾਮਲ ਹੋਣੇ ਸਨ ਤੇ ਜੈਪੁਰ, ਕੋਟਾ ਤੇ ਅਜਮੇਰ ਵਿਚ ਸੈਂਟਰ ਬਣਾਏ ਗਏ ਸਨ।