image caption:

ਟੈਰਰ ਫੰਡਿੰਗ ਨਾਲ ਬਣੀਆਂ ਮਸਜਿਦਾਂ ਅਤੇ ਮਦਰੱਸਿਆਂ ਦੀ ਜਾਂਚ ਸ਼ੁਰੂ

ਨਵੀਂ ਦਿੱਲੀ- ਅੱਤਵਾਦੀਆਂ ਦੀ ਜਥੇਬੰਦੀ ਲਸ਼ਕਰ-ਏ-ਤਇਬਾ ਵੱਲੋਂ ਮਸਜਿਦਾਂ ਅਤੇ ਮਦਰੱਸਿਆਂ ਦੀ ਫੰਡਿੰਗ ਦੇ ਦੋਸ਼ ਹੇਠ ਕੁਝ ਲੋਕਾਂ ਉੱਤੇ ਮਨੀ ਲਾਂਡਰਿੰਗ ਦੀ ਕਾਰਵਾਈ ਹੋਣ ਲੱਗੀ ਹੈ। ਇਸ ਸੰਬੰਧ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਜਾਂਚ ਪਿੱਛੋਂ ਅੱਤਵਾਦੀ ਫੰਡਾਂ ਨਾਲ ਬਣੇ ਮਦਰੱਸਿਆਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਦਾ ਰਾਹ ਸਾਫ ਹੋ ਗਿਆ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਹੇਠ ਇਸ ਫੰਡ ਨਾਲ ਬਣਾਈ ਕਿਸੇ ਵੀ ਜਾਇਦਾਦ ਨੂੰ ਜ਼ਬਤ ਕਰਨ ਦਾ ਈ ਡੀ ਨੂੰ ਪੂਰਾ ਅਧਿਕਾਰ ਹੈ।

ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਾਲ ਸਤੰਬਰ ਵਿਚ ਐੱਨ ਆਈ ਏ ਨੇ ਰਾਜਧਾਨੀ ਦਿੱਲੀ ਵਿਚ ਲਸ਼ਕਰ-ਏ-ਤਇਬਾ ਦੇ ਅੱਤਵਾਦੀ ਫੰਡਿੰਗ ਗਰੁੱਪ ਦੀ ਟੋਹ ਲਾ ਕੇ ਤਿੰਨ ਬੰਦੇ ਗ੍ਰਿਫ਼ਤਾਰ ਕੀਤੇ ਸਨ। ਉਸ ਪੁੱਛਗਿੱਛ ਤੋਂ ਪਤਾ ਲੱਗਾ ਕਿ ਅੱਤਵਾਦੀ ਫੰਡਿੰਗ ਦਾ ਇਹ ਜਾਲ ਸਿਰਫ਼ ਕਸ਼ਮੀਰ ਵਿਚ ਅੱਤਵਾਦੀਆਂ ਨੂੰ ਪੈਸੇ ਪੁਚਾਉਣ ਤਕ ਸੀਮਤ ਨਹੀਂ, ਸਗੋਂ ਲਸ਼ਕਰ-ਏ-ਤਇਬਾ ਮਸਜਿਦਾਂ ਤੇ ਮਦਰੱਸਿਆਂ ਨਾਲ ਦੇਸ਼ ਵਿਚ ਕੱਟੜਤਾ ਫੈਲਾਉਣ ਦੀ ਸਾਜ਼ਿਸ਼ ਕਰ ਰਿਹਾ ਹੈ। ਇਸ ਦੇ ਬਾਅਦ ਅੱਤਵਾਦੀ ਫੰਡਿੰਗ ਲਈ ਫੜਿਆ ਗਿਆ ਮੁਹੰਮਦ ਸਲਮਾਨ ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਇਕ ਪਿੰਡ ਮਸਜਿਦ ਦਾ ਇਮਾਮ ਹੈ। ਪੁੱਛਗਿੱਛ ਵਿਚ ਉਸ ਨੇ ਮੰਨਿਆ ਕਿ ਅੱਤਵਾਦੀ ਫੰਡਾਂ ਦੇ ਪੈਸੇ ਦੀ ਵਰਤੋਂ ਉਸ ਨੇ ਮਸਜਿਦ ਤੇ ਮਰਦੱਸਾ ਬਣਾਉਣ ਵਾਸਤੇ ਕੀਤੀ ਸੀ। ਜਦੋਂ ਐੱਨ ਆਈ ਏ ਨੇ ਮਸਜਿਦ ਦੀ ਤਲਾਸ਼ੀ ਲਈ ਤਾਂ ਕਈ ਦਸਤਾਵੇਜ਼ ਮਿਲੇ ਸਨ। ਪਤਾ ਲੱਗਾ ਹੈ ਕਿ ਇਹ ਫੰਡਿੰਗ ਲਸ਼ਕਰ-ਏ-ਤਇਬਾ ਦਾ ਮੁਖੀ ਅਤੇ ਮੁੰਬਈ ਹਮਲੇ ਦਾ ਮੁੱਖ ਸਾਜਿ਼ਸ਼ ਕਰਤਾ ਹਾਫਿਜ਼ ਸਈਦ ਆਪਣੀ ਜਥੇਬੰਦੀ ਫਲਾਹ-ਏ-ਇਨਸਾਨੀਅਤ ਹੇਠ ਕਰਦਾ ਸੀ। ਇਸ ਅੱਤਵਾਦੀ ਫੰਡਿੰਗ ਵਾਸਤੇ ਦੁਬਈ ਵਿਚ ਰਹਿੰਦੇ ਫਲਾਹ-ਏ-ਇਨਸਾਨੀਅਤ ਨਾਲ ਜੁੜੇ ਇਕ ਪਾਕਿਸਤਾਨੀ ਨੂੰ ਵਰਤਿਆ ਜਾਂਦਾ ਸੀ। ਐੱਨ ਆਈ ਏ ਨੇ ਮੁਹੰਮਦ ਸਲਮਾਨ ਦੇ ਨਾਲ ਸਲਾਹ-ਏ-ਇਨਸਾਨੀਅਤ ਵੱਲੋਂ ਪੈਸੇ ਮੰਗਾਉਣ ਵਾਲੇ ਹਵਾਲਾ ਆਪ੍ਰੇਟਰ ਦਰਿਆਗੰਜ ਦੇ ਮੁਹੰਮਦ ਸਲੀਮ ਉਰਫ਼ ਮਾਮਾ ਤੇ ਸ਼੍ਰੀਨਗਰ ਦੇ ਅਬਦੁੱਲ ਰਾਸ਼ਿਦ ਨੂੰ ਗ੍ਰਿਫ਼ਤਾਰ ਕਰ ਕੇ ਛਾਪੇ ਮਾਰੇ ਤਾਂ ਇਕ ਕਰੋੜ 56 ਰੁਪਏ ਨਕਦ, 43 ਹਜ਼ਾਰ ਰੁਪਏ ਦੇ ਨੇਪਾਲੀ ਕਰੰਸੀ, 14 ਮੋਬਾਈਲ ਫੋਨ ਅਤੇ ਪੰਜ ਪੈੱਨ ਡਰਾਈਵ ਮਿਲਣ ਨਾਲ ਸਨਸਨੀ ਫੈਲ ਗਈ ਸੀ।