image caption:

ਮਰ ਚੁੱਕੇ ਫੌਜੀ ਦੇ ਕਾਗਜ਼ਾਂ ਤੋਂ ਆਈਫੋਨ ਵੇਚ ਕੇ ਇੰਜੀਨੀਅਰ ਤੋਂ ਤੀਹ ਹਜ਼ਾਰ ਠੱਗੇ

ਲੁਧਿਆਣਾ- ਕਿਸੇ ਠੱਗ ਨੇ ਮਕੈਨੀਕਲ ਇੰਜੀਨੀਅਰ ਨੂੰ ਓ ਐੱਲ ਐਕਸ 'ਤੇ ਆਈਫੋਨ ਵੇਚਣ ਦਾ ਝਾਂਸਾ ਦੇ ਕੇ ਮਰੇ ਹੋਏ ਆਰਮੀ ਜਵਾਨ ਦੇ ਕਾਗਜ਼ਾਂ ਦੀ ਵਰਤੋਂ ਨਾਲ ਪੇ ਟੀ ਐੱਮ ਤੋਂ ਤੀਹ ਹਜ਼ਾਰ ਟਰਾਂਸਫਰ ਕਰਵਾ ਲਏ। ਪੀੜਤ ਇੰਜੀਨੀਅਰ ਨੂੰ ਪੁਲਸ ਨੇ ਵੀ ਸੱਤ ਮਹੀਨੇ ਪ੍ਰੇਸ਼ਾਨ ਕਰਨ ਦੇ ਬਾਅਦ ਕੇਸ ਦਰਜ ਕੀਤਾ ਹੈ ਤੇ ਜਾਂਚ ਵਿੱਚ ਪਤਾ ਲੱਗਾ ਹੈ ਕਿ ਜਿਸ ਨੰਬਰ 'ਤੇ ਦੋਸ਼ੀ ਨੇ ਪੈਸੇ ਟਰਾਂਸਫਰ ਕਰਵਾਏ, ਉਹ ਬਿਹਾਰ ਦੇ ਹਨ।
ਗਿਆਸਪੁਰਾ ਦੇ ਇਮਰਾਨ ਅਲੀ ਨੇ ਦੱਸਿਆ ਕਿ ਉਹ ਰਾਕਮੈਨ ਫੈਕਟਰੀ ਵਿੱਚ ਇੰਜੀਨੀਅਰ ਹੈ। ਜੁਲਾਈ 2018 ਵਿੱਚ ਓ ਐੱਲ ਐਕਸ ਉੱਤੇ ਮੋਬਾਈਲ ਲੱਭ ਰਿਹਾ ਸੀ ਤਾਂ ਉਸ ਦੀ ਨਜ਼ਰ ਆਈਫੋਨ ਐਕਸ 'ਤੇ ਪਈ। ਮੋਬਾਈਲ ਵੇਚਣ ਵਾਲੇ ਸ਼ਖਸ ਦਾ ਨਾਂਅ ਸ੍ਰੀਕਾਂਤ ਸੀ। ਉਸ ਨੇ ਮੋਬਾਈਲ ਲੈਣ ਦੀ ਇੱਛਾ ਦੱਸੀ ਤਾਂ ਦੋਸ਼ੀ ਨੇ ਵਾਟਸਐਪ ਨੰਬਰ ਮੰਗਿਆ। ਦੋਸ਼ੀ ਨੇ ਮੋਬਾਈਲ ਦੀ ਫੋਟੋ ਭੇਜੀ ਤੇ 45 ਹਜ਼ਾਰ ਮੰਗ ਕੇ ਦੱਸਿਆ ਕਿ ਉਹ ਫੌਜੀ ਜਵਾਨ ਹੈ ਅਤੇ ਡਿਊਟੀ ਉੱਤੇ ਹੈ। ਫਿਰ ਦੋਸ਼ੀ ਨੇ ਆਰਮੀ ਕਾਰਡ ਅਤੇ ਫੋਟੋ ਵੀ ਭੇਜੀ ਤਾਂ ਕਿ ਪੀੜਤ ਨੂੰ ਉਸ 'ਤੇ ਯਕੀਨ ਹੋ ਸਕੇ। ਬਿੱਲ ਨਿਰਮਲ ਪੈਲੇਸ ਰੋਡ ਦੀ ਦੁਕਾਨ ਦਾ ਸੀ। ਪੀੜਤ ਨੇ ਕਿਹਾ ਕਿ ਉਸ ਨੂੰ ਮੋਬਾਈਲ ਭੇਜ ਦੇਵੇ ਅਤੇ ਪੇਮੈਂਟ ਕਰ ਦੇਵੇਗਾ। ਦੋਸ਼ੀ ਨੇ ਕਿਹਾ ਕਿ ਆਰਮੀ ਤੋਂ ਕੋਰੀਅਰ ਤਦ ਨਿਕਲਦਾ ਹੈ, ਜਦ ਪੇਮੈਂਟ ਮਿਲ ਜਾਏ। ਦੋਸ਼ੀ ਦੇ ਕਹਿਣ 'ਤੇ ਵੱਖ-ਵੱਖ ਨੰਬਰਾਂ ਦੇ ਪੇ ਟੀ ਐੱਮ ਵਿੱਚ ਤੀਹ ਹਜ਼ਾਰ ਰੁਪਏ ਪੁਆ ਦਿੱਤੇ। ਜਦ ਤੀਹ ਹਜ਼ਾਰ ਪੂਰੇ ਹੋ ਗਏ ਤਾਂ ਦੋਸ਼ੀ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਉਹ ਬਿੱਲ ਲੈ ਕੇ ਸ਼ਾਪ ਉੱਤੇ ਗਿਆ ਤਾਂ ਪਤਾ ਲੱਗਾ ਕਿ ਮੋਬਾਈਲ ਦੁਕਾਨਦਾਰ ਦੇ ਸਾਲੇ ਨੇ ਲਿਆ ਸੀ, ਪਰ ਸਾਲੇ ਨੇ ਕਿਸੇ ਹੋਰ ਨੂੰ ਵੇਚ ਦਿੱਤਾ ਸੀ। ਜਦ ਸ੍ਰੀਕਾਂਤ ਦੇ ਦਸਤਾਵੇਜ਼ ਵਿੱਚ ਲਿਖੇ ਪਤੇ 'ਤੇ ਗਿਆ ਤਾਂ ਪਤਾ ਲੱਗਾ ਕਿ ਸ੍ਰੀਕਾਂਤ ਦੀ ਪੰਜ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਤੰਗ ਹੋ ਕੇ ਉਹ ਚੌਕੀ ਕੰਗਣਵਾਲ ਗਏ ਤਾਂ ਪੁਲਸ ਨੇ ਸ਼ਿਕਾਇਤ ਲਿਖ ਲਈ, ਪਰ ਕੇਸ ਦਰਜ ਨਹੀਂ ਕੀਤਾ। ਚਾਲੀ ਵਾਰ ਚੌਕੀ, ਸਾਈਬਰ ਸੈਲ ਗਿਆ ਅਤੇ 100 ਤੋਂ ਵੱਧ ਫੋਨ ਕੀਤੇ, ਪਰ ਕਾਰਵਾਈ ਨਹੀਂ ਹੋਈ। ਕੰਗਣਵਾਲ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਜਦ ਸ਼ਿਕਾਇਤ ਮਿਲੀ ਮਾਮਲਾ ਦਰਜ ਕਰ ਦਿੱਤਾ। ਜਾਂਚ ਸਾਈਬਰ ਸੈੱਲ ਕਰ ਰਿਹਾ ਸੀ। ਰਿਪੋਰਟ ਦੇ ਬਾਅਦ ਕੇਸ ਦਰਜ ਕੀਤਾ ਗਿਆ।