image caption:

ਕੈਪਟਨ ਅਮਰਿੰਦਰ ਦੇ ਮਹਿਲ ਵੱਲ ਜਾਂਦੇ ਅਧਿਆਪਕਾਂ ''ਤੇ ਪੁਲਿਸ ਵੱਲੋਂ ਪਾਣੀ ਦੀਆਂ ਬੁਛਾਰਾਂ

* ਪੁਲਸ ਕਾਰਵਾਈ ਵਿੱਚ ਕਈ ਅਧਿਆਪਕ ਜ਼ਖਮੀ
ਪਟਿਆਲਾ- ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਵੱਲ ਮਾਰਚ ਕਰਨ ਜਾ ਰਹੇ ਅਧਿਆਪਕਾਂ ਉੱਤੇ ਅੱਜ ਐਤਵਾਰ ਪੁਲਿਸ ਨੇ ਪਾਣੀ ਦੀਆਂ ਬੁਛਾਰਾਂ ਕੀਤੀਆਂ ਤਾਂ ਇਸ ਮੌਕੇ ਪੁਲਿਸ ਅਤੇ ਅਧਿਆਪਕਾਂ ਵਿਚਾਲੇ ਖਿੱਚ-ਧੂਹ ਕਾਰਨ ਕੁਝ ਟੀਚਰ ਦੇ ਸੱਟਾਂ ਵੀ ਲੱਗੀਆਂ। ਧਰਨੇ ਵਾਲੀ ਜਗ੍ਹਾ ਸਥਿਤੀ ਤਣਾਅ ਪੂਰਨ ਹੈ, ਜਿੱਥੇ ਪੰਜਾਬ ਭਰ ਤੋਂ ਆਏ ਅਧਿਆਪਕ ਚੌਕ ਵਿੱਚ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ, ਪਰ ਜ਼ਿਲ੍ਹਾ ਜਾਂ ਪੁਲਿਸ ਦਾ ਕੋਈ ਵੀ ਵੱਡਾ ਅਧਿਕਾਰੀ ਧਰਨਾ ਲਾਈ ਬੈਠੇ ਲੋਕਾਂ ਨਾਲ ਗੱਲਬਾਤ ਕਰਨ ਨਹੀਂ ਪੁੱਜਾ।
ਮਿਲੀ ਜਾਣਕਾਰੀ ਅਨੁਸਾਰ ਅੱਜ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਸੂਬਾ ਪੱਧਰ ਦੀ ਰੈਲੀ ਰੱਖੀ ਸੀ। ਬੱਸ ਸਟੈਂਡ ਕੋਲ ਵੀਰ ਹਕੀਕਤ ਰਾਏ ਮੈਦਾਨ ਵਿੱਚ ਪੁੱਜੇ ਸਾਰੇ ਰਾਜ ਦੇ ਅਧਿਆਪਕਾਂ ਨੇ ਬਾਅਦ ਦੁਪਹਿਰ ਸ਼ਹਿਰ ਵਿੱਚ ਰੋਸ ਮਾਰਚ ਸ਼ੁਰੂ ਕੀਤਾ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ ਮੋਤੀ ਮਹਿਲ ਨੂੰ ਚੱਲ ਪਏ। ਓਥੇ ਪਹੁੰਚਣ ਤੋਂ ਪਹਿਲਾਂ ਪੁਲਸ ਨੇ ਉਨ੍ਹਾਂ ਨੂੰ ਫੁਆਰਾ ਚੌਕ ਨੇੜੇ ਘੇਰਾ ਪਾਇਆ ਤਾਂ ਦੋਵਾਂ ਧਿਰਾਂ ਦੀ ਖਿੱਚ ਧੂਹ ਸ਼ੁਰੂ ਹੋ ਗਈ। ਇਸ ਪਿੱਛੋਂ ਮਹਿਲ ਵੱਲ ਜਾਣ ਲਈ ਅੜੇ ਹੋਏ ਅਧਿਆਪਕਾਂ ਨੇ ਆਪਣਾ ਮੂੰਹ ਮਾਲ ਰੋਡ ਵੱਲ ਕਰ ਲਿਆ, ਜਿੱਥੇ ਲੱਗੀ ਪੁਲਿਸ ਨੇ ਇਨ੍ਹਾਂ ਉੱਤੇ ਪਾਣੀ ਦੀਆਂ ਤੋਪਾਂ ਨਾਲ ਕਾਰਵਾਈ ਆਰੰਭ ਕਰ ਦਿੱਤੀ। ਇਸ ਮੌਕੇ ਪੁਲਿਸ ਨੇ ਲਾਠੀਚਾਰਜ ਵੀ ਕੀਤਾ, ਜਿਸ ਵਿੱਚ ਜ਼ਖ਼ਮੀ ਹੋਏ ਅਧਿਆਪਕਾਂ ਦਾ ਧਰਨੇ ਵਾਲੀ ਜਗ੍ਹਾ ਖੜ੍ਹੀ ਸਰਕਾਰੀ ਐਂਬੂਲੈਂਸ ਵਿਚ ਇਲਾਜ ਸ਼ੁਰੂ ਕੀਤਾ ਗਿਆ। ਇੱਕ ਮਾਸਟਰ ਭੁਪਿੰਦਰ ਸਿੰਘ ਦੇ ਸਿਰ ਵਿੱਚ ਗੰਭੀਰ ਸੱਟ ਕਾਰਨ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕੀਤਾ ਗਿਆ ਹੈ। ਇਸ ਦੇ ਬਾਅਦ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਅਧਿਆਪਕਾਂ ਨਾਲ ਮੀਟਿੰਗ ਕਰਨ ਲਈ ਧਰਨੇ ਵਾਲੀ ਜਗ੍ਹਾ ਪੁੱਜੇ, ਪਰ ਅਧਿਆਪਕ ਮੁੱਖ ਮੰਤਰੀ ਵੱਲੋਂ ਮੰਗ ਨੂੰ ਪੂਰੀਆਂ ਕਰਨ ਉੱਤੇ ਅੜੇ ਰਹੇ।