image caption:

ਥਾਈਲੈਂਡ ਦੇ ਰਾਜੇ ਨੇ ਆਪਣੀ ਭੈਣ ਦੇ ਚੋਣ ਲੜਨ ਨੂੰ ਸਭਿਆਚਾਰ ਦੇ ਉਲਟ ਦੱਸਿਆ

ਬੈਂਕਾਕ- ਥਾਈਲੈਂਡ ਦੇ ਰਾਜਾ ਵਾਜੀਰਾਲੋਂਗਕੋਰਨ ਨੇ ਮਾਰਚ 'ਚ ਹੋਣ ਵਾਲੀਆਂ ਪ੍ਰਧਾਨ ਮੰਤਰੀ ਚੋਣਾਂ 'ਚ ਆਪਣੀ ਭੈਣ ਦੀ ਹੈਰਾਨ ਕਰ ਦੇਣ ਵਾਲੇ ਦਾਅਵੇ ਨੂੰ ਗਲਤ ਦੱਸ ਕੇ ਨਿੰਦਾ ਕੀਤੀ ਹੈ।
ਰਾਜਮਹੱਲ ਤੋਂ ਜਾਰੀ ਇੱਕ ਬਿਆਨ ਅਨੁਸਾਰ ਥਾਈਲੈਂਡ ਦੇ ਰਾਜਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਦਾ ਦਾਅਵਾ ਇਸ ਦੇਸ਼ ਦੇ ਸਭਿਆਚਾਰ ਦੇ ਵਿਰੁੱਧ ਹੈ। 67 ਸਾਲਾ ਰਾਜ ਕੁਮਾਰੀ ਓਬੋਲਰਤਨਾ ਮਾਹੀਦੋਲ ਨੂੰ ਸਾਬਕਾ ਪ੍ਰਧਾਨ ਮੰਤਰੀ ਥਾਕਿਸਨ ਚਿਨਾਵਾਟ ਦੀ ਸਹਿਯੋਗੀ ਪਾਰਟੀ ਨੇ ਆਪਣੀ ਉਮੀਦਵਾਰ ਬਣਾਇਆ ਹੈ। ਇਸ ਪਹਿਲ ਨਾਲ ਥਾਈ ਰਾਜਨੀਤੀ ਤੋਂ ਦੂਰ ਰਹਿਣ ਦੀ ਸ਼ਾਹੀ ਪਰਵਾਰ ਦੀ ਪ੍ਰੰਪਰਾ ਟੁੱਟ ਜਵੇਗੀ। ਮਾਹਰਾਂ ਦਾ ਕਹਿਣਾ ਹੈ ਕਿ ਰਾਜਾ ਦੇ ਇਸ ਦਖਲ ਨਾਲ ਚੋਣ ਕਮਿਸ਼ਨ 24 ਮਾਰਚ ਨੂੰ ਹੋਣ ਵਾਲੀਆਂ ਪ੍ਰਧਾਨ ਮੰਤਰੀ ਚੋਣਾਂ ਲਈ ਰਾਜਕੁਮਾਰੀ ਨੂੰ ਅਯੋਗ ਕਰਾਰ ਦੇ ਸਕਦਾ ਹੈ। ਇਨ੍ਹਾਂ ਚੋਣਾਂ 'ਤੇ ਸਭ ਦੀ ਨਜ਼ਰ ਹੈ ਕਿਉਂਕਿ ਪੰਜ ਸਾਲਾ ਫੌਜੀ ਸ਼ਾਸਨ ਤੋਂ ਬਾਅਦ ਥਾਈਲੈਂਡ ਕੋਲ ਲੋਕਤੰਤਰ ਵੱਲ ਪਰਤਣ ਦਾ ਮੌਕਾ ਹੈ। ਰਾਜਮਹੱਲ ਤੋਂ ਜਾਰੀ ਬਿਆਨ ਅਨੁਸਾਰ ਰਾਜਾ ਦਾ ਕਹਿਣਾ ਹੈ ਕਿ ਰਾਜਕੁਮਾਰੀ ਨੇ ਭਾਵੇਂ ਆਪਣੇ ਸ਼ਾਹੀ ਖਿਤਾਬ ਛੱਡ ਦਿੱਤੇ ਹਨ, ਫਿਰ ਵੀ ਉਹ ਚਾਕ੍ਰੀ ਵੰਸ਼ ਦੀ ਮੈਂਬਰ ਹੈ। ਸ਼ਾਹੀ ਪਰਵਾਰ ਦੇ ਕਿਸੇ ਮੈਂਬਰ ਦਾ ਰਾਜਨੀਤੀ ਵਿੱਚ ਆਉਣਾ ਦੇਸ਼ ਦੀ ਪਰੰਪਰਾ ਅਤੇ ਸਭਿਆਚਾਰ ਦੇ ਵਿਰੁੱਧ ਮੰਨਿਆ ਜਾਂਦਾ ਹੈ। ਅਜਿਹਾ ਕਰਨਾ ਬੇਹੱਦ ਅਣਉਚਿਤ ਹੋਵੇਗਾ। ਬਿਆਨ ਵਿੱਚ ਸੰਵਿਧਾਨ ਦਾ ਵੀ ਹਵਾਲਾ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰਾਜ ਪਰਵਾਰ ਨੂੰ ਰਾਜਨੀਤੀ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਰਾਜਕੁਮਾਰੀ ਨੇ ਆਪਣੇ ਬਚਾਅ ਵਿੱਚ ਕਿਹਾ ਸੀ ਕਿ ਉਹ ਆਮ ਲੋਕਾਂ ਦੀ ਤਰ੍ਹਾਂ ਰਹਿੰਦੀ ਹੈ ਤੇ ਆਮ ਵਿਅਕਤੀ ਦੀ ਹੈਸੀਅਤ ਨਾਲ ਉਨ੍ਹਾਂ ਨੂੰ ਇਹ ਅਧਿਕਾਰ ਹੈ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਮਹੀਨੇ ਹੋ ਰਹੀਆਂ ਥਾਈਲੈਂਡ ਚੋਣਾਂ 'ਚ ਓਦੋਂ ਦਿਲਚਸਪ ਮੋੜ ਆ ਗਿਆ ਸੀ, ਜਦੋਂ ਇਸ ਦੇਸ਼ ਦੇ ਰਾਜੇ ਦੀ ਭੈਣ ਰਾਜਕੁਮਾਰੀ ਉਬੋਲਰਤਨਾ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕੀਤੀ ਸੀ। ਇਸ 24 ਮਾਰਚ ਨੂੰ ਹੋ ਰਹੀਆਂ ਚੋਣਾਂ 'ਚ ਥਾਈਲੈਂਡ ਦੇ ਕਿੰਗ ਮਹਾ ਵਜੀਰਾਲੋਂਗਕੋਰਨ ਦੀ ਵੱਡੀ ਭੈਣ ਰਾਜਕੁਮਾਰੀ ਉਬੋਲਰਤਨਾ (67) ਥਾਈ ਡਿਫੈਂਸ ਚਾਰਟ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਬਣ ਗਈ ਸੀ। 1932 'ਚ ਸੰਵਿਧਾਨਕ ਰਾਜਤੰਤਰ ਬਣਨ ਤੋਂ ਬਾਅਦ ਥਾਈਲੈਂਡ ਦੇ ਸ਼ਾਹੀ ਪਰਵਾਰ ਨੇ ਸਿਆਸਤ ਤੋਂ ਦੂਰੀ ਰੱਖੀ ਹੋਈ ਸੀ। ਉਨ੍ਹਾਂ ਦੇ ਚੋਣ ਲੜਨ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਤੇ ਫੌਜੀ ਜੁੰਡੀ ਦੇ ਮੁਖੀ ਪ੍ਰਯੁਤ ਚਾਨ ਓਚਾ ਦੇ ਸੱਤਾ 'ਚ ਬਣੇ ਰਹਿਣ ਦੇ ਮਨਸੂਬੇ 'ਤੇ ਵੀ ਪਾਣੀ ਫਿਰ ਸਕਦਾ ਹੈ। ਸਾਲ 2014 'ਚ ਹੋਈ ਫੌਜੀ ਤਖਤਾਪਲਟ ਤੋਂ ਬਾਅਦ ਓਚਾ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਉਸ ਤੋਂ ਬਾਅਦ ਤੋਂ ਦੇਸ਼ 'ਚ ਪਹਿਲੀ ਵਾਰ ਚੋਣਾਂ ਹੋਣ ਵਾਲੀਆਂ ਹਨ।
ਰਾਜਕੁਮਾਰੀ ਉਬੋਲਰਤਨਾ ਨੂੰ ਉਮੀਦਵਾਰ ਬਣਾਉਣ ਵਾਲੀ ਥਾਈ ਰੱਖਿਆ ਚਾਰਟ ਪਾਰਟੀ ਦੇ ਨੇਤਾ ਪ੍ਰੀਚਾਪੋਲ ਪੋਂਗਪਨੀਚ ਦਾ ਕਹਿਣਾ ਹੈ, &lsquoਰਾਜਕੁਮਾਰੀ ਪ੍ਹੜੀ ਲਿਖੀ ਹੋਣ ਦੇ ਨਾਲ ਹੁਨਰਮੰਦ ਵੀ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਤੋਂ ਬਿਹਤਰ ਉਮੀਦਵਾਰ ਨਹੀਂ ਹੋ ਸਕਦਾ।&rsquo ਚੋਣਾਂ 'ਚ ਰਾਜਕੁਮਾਰੀ ਤੇ ਓਚਾ ਦੇ ਆਹਮੋ ਸਾਹਮਣੇ ਹੋਣ ਕਾਰਨ ਇਸ ਨੂੰ ਲੋਕਤੰਤਰ ਤੇ ਤਾਨਾਸ਼ਾਹੀ ਵਿਚਕਾਰ ਦੀ ਲੜਾਈ ਕਿਹਾ ਜਾ ਰਿਹਾ ਹੈ। ਕਈ ਦਹਾਕੇ ਪਹਿਲਾਂ ਇਕ ਅਮਰੀਕੀ ਨਾਲ ਵਿਆਹ ਕਰਨ ਤੋਂ ਬਾਅਦ ਉਬੋਲਰਤਨਾ ਨੂੰ ਆਪਣਾ ਸ਼ਾਹੀ ਅਹੁਦਾ ਛੱਡਣਾ ਪਿਆ ਸੀ, ਪਰ ਤਲਾਕ ਪਿੱਛੋਂ ਉਹ ਵਾਪਸ ਥਾਈਲੈਂਡ ਆ ਗਈ ਸੀ। ਉਨ੍ਹਾਂ ਨੂੰ ਅਜੇ ਵੀ ਸ਼ਾਹੀ ਪਰਵਾਰ ਦਾ ਹਿੱਸਾ ਮੰਨਿਆ ਜਾਂਦਾ ਹੈ। ਉਬੋਲਰਤਨ ਨੇ ਕਿਹਾ, &lsquoਮੈਂ ਸ਼ਾਹੀ ਪਦਵੀ ਤਿਆਗ ਦਿੱਤੀ ਹੈ ਤੇ ਆਮ ਇਨਸਾਨ ਵਾਂਗ ਰਹਿੰਦੀ ਹਾਂ। ਇਕ ਨਾਗਰਿਕ ਦੇ ਤੌਰ 'ਤੇ ਹਾਸਲ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੈਂ ਸਿਆਸਤ 'ਚ ਕਦਮ ਰੱਖ ਰਹੀ ਹਾਂ।'