image caption:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਦੌਰੇ ਤੋਂ ਚੀਨ ਭੜਕ ਪਿਆ

ਬੀਜਿੰਗ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ਦਾ ਚੀਨ ਨੇ ਕੱਲ੍ਹ ਬੜਾ ਤਿੱਖਾ ਵਿਰੋਧ ਕੀਤਾ ਤੇ ਕਿਹਾ ਕਿ ਉਹ ਇਸ ਸੰਵੇਦਨਸ਼ੀਲ ਸਰਹੱਦੀ ਪ੍ਰਦੇਸ਼ ਨੂੰ ਮਾਨਤਾ ਨਹੀਂ ਦੇਵੇਗਾ ਅਤੇ ਭਾਰਤੀ ਲੀਡਰਸਿ਼ਪ ਨੂੰ ਅਜਿਹੀ ਕਿਸੇ ਕਾਰਵਾਈ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਜਿਹੜੀ ਸਰਹੱਦੀ ਪ੍ਰਸ਼ਨ ਨੂੰ ਮੁਸ਼ਕਲ ਬਣਾਉਂਦੀ ਹੈ। ਇਹ ਬਿਆਨ ਚੀਨ ਦੀ ਨੀਤੀ ਦਾ ਅੰਗ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੌਰੇ 'ਤੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਚੀਨ-ਭਾਰਤ ਸਰਹੱਦ ਦੇ ਸਵਾਲ 'ਤੇ ਚੀਨ ਦਾ ਰੁਖ਼ ਸੁਤੰਤਰ ਤੇ ਸਪੱਸ਼ਟ ਹੈ। ਚੀਨ ਦੀ ਸਰਕਾਰ ਨੇ ਕਦੇ ਵੀ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੱਤੀ ਅਤੇ ਉਹ ਭਾਰਤੀ ਪ੍ਰਧਾਨ ਮੰਤਰੀ ਦੇ ਦੌਰੇ ਦਾ ਬੜੀ ਦਿ੍ਰੜ੍ਹਤਾ ਨਾਲ ਵਿਰੋਧ ਕਰਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਵੈਬਸਾਈਟ 'ਚ ਪਾਈ ਗਈ ਪ੍ਰਤੀਕਿਰਿਆ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੂਆ ਨੇ ਕਿਹਾ ਕਿ ਭਾਰਤੀ ਧਿਰ ਨੂੰ ਚੀਨ ਜਾਣੂ ਕਰਵਾਉਂਦਾ ਹੈ ਕਿ ਉਹ ਦੋਵੇਂ ਦੇਸ਼ਾਂ ਦੇ ਸਾਂਝੇ ਹਿੱਤਾਂ ਨੂੰ ਧਿਆਨ 'ਚ ਰੱਖੇ ਅਤੇ ਚੀਨੀ ਪੱਖ ਦੇ ਹਿਤਾਂ ਤੇ ਚਿੰਤਾਵਾਂ ਦਾ ਸਨਮਾਨ ਕਰਨ। ਦੁਵੱਲੇ ਰਿਸ਼ਤਿਆਂ 'ਚ ਸੁਧਾਰ ਦੀ ਰਫਤਾਰ ਠੀਕ ਰੱਖਣ ਅਤੇ ਅਜਿਹੀ ਕਾਰਵਾਈ ਤੋਂ ਪ੍ਰਹੇਜ਼ ਕਰਨ, ਜੋ ਵਿਵਾਦ ਨੂੰ ਵਧਾ ਦੇਵੇ ਜਾਂ ਸਰਹੱਦੀ ਪ੍ਰਸ਼ਨ ਨੂੰ ਉਲਝਾ ਦੇਵੇ।
ਭਾਰਤ ਨੇ ਚੀਨ ਸਰਕਾਰ ਦੀ ਇਸ ਪ੍ਰਤੀਕਿਰਿਆ ਦਾ ਕਰਾਰ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਰਾਜ ਭਰਾਤ ਦਾ ਅਟੁੱਟ ਅੰਗ ਹੈ। ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਫੌਜ ਸਮੇਂ-ਸਮੇਂ 'ਤੇ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰਦੀ ਹੈ, ਜਿਸ ਤਰ੍ਹਾਂ ਉਹ ਭਾਰਤ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਦੇ ਹਨ। ਇਸ ਅਹਿਮ ਰੁਖ਼ ਤੋਂ ਅਨੇਕਾਂ ਮੌਕਿਆਂ ਉਤੇ ਚੀਨੀ ਪੱਖ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਵਰਣਨ ਯੋਗ ਹੈ ਕਿ ਚੀਨ ਦਾਅਵਾ ਕਰਦਾ ਹੈ ਕਿ ਅਰੁਣਾਚਲ ਪ੍ਰਦੇਸ਼ ਦੱਖਣੀ ਤਿੱਬਤ ਦਾ ਹਿੱਸਾ ਹੈ। ਭਾਰਤ ਤੇ ਚੀਨ ਸਰਹੱਦ ਵਿਵਾਦ ਨਿਪਟਾਉਣ ਲਈ ਗੱਲਬਾਤ ਦੇ 21 ਦੌਰ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਅਰੁਣਾਚਲ ਪ੍ਰਦੇਸ਼ ਵਿੱਚ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਰਹੱਦੀ ਰਾਜਾਂ ਨੂੰ ਸੁਧਾਰਨ ਲਈ ਬਹੁਤ ਮਹੱਤਵ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜ ਮਾਰਗ, ਰੇਲ ਮਾਰਗ, ਹਵਾਈ ਮਾਰਗ ਤੇ ਬਿਜਲੀ ਦੀ ਸਥਿਤੀ ਸੁਧਾਰਨ ਨੂੰ ਬਹੁਤ ਮਹੱਤਵ ਦੇ ਰਹੀ ਹੈ, ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਨਜ਼ਰਅੰਦਾਜ਼ ਕੀਤਾ ਸੀ।