image caption:

ਕਾਰ ਹਾਦਸੇ ਦਾ ਅਸਰ: ਪ੍ਰਿੰਸ ਫਿਲਿਪ ਨੇ ਸਵੈ ਇੱਛਾ ਨਾਲ ਲਾਇਸੈਂਸ ਸਰੰਡਰ ਕੀਤਾ

ਲੰਡਨ- ਬ੍ਰਿਟੇਨ ਦੀ ਕੁਈਨ ਐਲਿਜ਼ਾਬੈੱਥ ਦੇ ਪਤੀ ਪ੍ਰਿੰਸ ਫਿਲਿਪ ਨੇ ਸਵੈ-ਇੱਛਾ ਨਾਲ ਆਪਣਾ ਡਰਾਈਵਿੰਗ ਲਾਇਸੈਂਸ ਸਰੰਡਰ ਕਰ ਦਿੱਤਾ ਦੱਸਿਆ ਗਿਆ ਹੈ।
ਵਰਨਣ ਯੋਗ ਹੈ ਕਿ ਪਿਛਲੇ ਮਹੀਨੇ ਕਿਸੇ ਕਾਰ ਨਾਲ ਟੱਕਰ ਪਿੱਛੋਂ ਉਨ੍ਹਾਂ ਦੀ ਲੈਂਡ ਰੋਵਰ ਪਲਟ ਗਈ ਅਤੇ ਇਸ ਹਾਦਸੇ ਵਿਚ ਕਾਰ ਸਵਾਰ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਸਨ, ਪਰ ਪ੍ਰਿੰਸ ਫਿਲਿਪ ਖੁਦ ਵਾਲ-ਵਾਲ ਬਚ ਗਏ ਸਨ। ਉਸ ਵਕਤ 97 ਸਾਲਾ ਪ੍ਰਿੰਸ ਖ਼ੁਦ ਗੱਡੀ ਚਲਾ ਰਹੇ ਸਨ। ਇਸ ਹਾਦਸੇ ਪਿੱਛੋਂ ਬ੍ਰਿਟੇਨ ਵਿਚ ਵੱਡੀ ਉਮਰ ਵਿਚ ਗੱਡੀ ਚਲਾਉਣ ਬਾਰੇ ਬਹਿਸ ਛਿੜ ਗਈ ਤੇ ਸਵਾਲ ਉੱਠਿਆ ਸੀ ਕਿ ਕੀ ਇਸ ਉਮਰ ਦੇ ਪ੍ਰਿੰਸ ਨੂੰ ਖ਼ੁਦ ਗੱਡੀ ਚਲਾਉਣੀ ਚਾਹੀਦੀ ਹੈ? ਬੀ ਬੀ ਸੀ ਅਨੁਸਾਰ ਬਕਿੰਘਮ ਪੈਲੇਸ ਨੇ ਆਪਣੇ ਬਿਆਨ ਵਿਚ ਕਿਹਾ ਕਿ ਗੰਭੀਰਤਾ ਨਾਲ ਵਿਚਾਰ ਕਰਨ ਮਗਰੋਂ ਡਿਊਕ ਆਫ ਐਡਿਨਬਰਾ ਪ੍ਰਿੰਸ ਫਿਲਿਪ ਨੇ ਆਪਣੀ ਇੱਛਾ ਨਾਲ ਆਪਣਾ ਡਰਾਈਵਿੰਗ ਲਾਇਸੈਂਸ ਛੱਡ ਦੇਣ ਦਾ ਫ਼ੈਸਲਾ ਕੀਤਾ ਤੇ ਇਸ ਸ਼ਨਿਚਰਵਾਰ ਨੂੰ ਡਰਾਈਵਿੰਗ ਲਾਇਸੈਂਸ ਸਰੰਡਰ ਕਰ ਦਿੱਤਾ ਹੈ। ਨੋਰਫਲੋਕ ਪੁਲਿਸ ਨੇ ਇੱਕ ਬਿਆਨ ਜਾਰੀ ਕਰ ਕੇ ਡਰਾਈਵਿੰਗ ਲਾਇਸੈਂਸ ਸਰੰਡਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਬੀਤੀ 17 ਜਨਵਰੀ ਨੂੰ ਨੋਰਫਲੋਕ ਦੇ ਸੈਂਡਰਿਘਮ ਅਸਟੇਟ ਨੇੜੇ ਇਕ ਕਾਰ ਨਾਲ ਟੱਕਰ ਦੇ ਬਾਅਦ ਪ੍ਰਿੰਸ ਫਿਲਿਪ ਦੀ ਲੈਂਡ ਰੋਵਰ ਪਲਟ ਗਈ ਸੀ। ਇਸ ਹਾਦਸੇ ਦੇ ਦੋ ਦਿਨ ਪਿੱਛੋਂ ਪ੍ਰਿੰਸ ਦੀ ਨਵੀਂ ਲੈਂਡ ਰੋਵਰ ਨਾਲ ਇਕ ਤਸਵੀਰ ਲੋਕਾਂ ਦੇ ਸਾਹਮਣੇ ਆਈ ਤਾਂ ਇਸ ਵਿਚ ਵੀ ਉਹ ਬਿਨਾਂ ਬੈਲਟ ਤੋਂ ਡਰਾਈਵਿੰਗ ਸੀਟ ਉੱਤੇ ਬੈਠੇ ਦਿੱਸਦੇ ਸਨ। ਬ੍ਰਿਟੇਨ ਵਿਚ ਗੱਡੀ ਚਲਾਉਣ ਲਈ ਉਮਰ ਦੀ ਕੋਈ ਹੱਦ ਨਹੀਂ, ਫਿਰ ਵੀ 70 ਸਾਲ ਦੇ ਹੋ ਚੁੱਕੇ ਵਿਅਕਤੀ ਦਾ ਡਰਾਈਵਿੰਗ ਲਾਇਸੈਂਸ ਰੱਦ ਹੋ ਜਾਂਦਾ ਹੈ। ਜੇ ਉਹ ਲਾਇਸੈਂਸ ਨਵਾਂ ਨਹੀਂ ਕਰਾਉਂਦਾ ਤਾਂ ਉਹ ਗੱਡੀ ਨਹੀਂ ਚਲਾ ਸਕਦਾ।