image caption:

ਗੁਜਰਾਤ ਦੰਗਾ ਕੇਸ: ਮੋਦੀ ਨੂੰ ਕਲੀਨ ਚਿਟ ਦੇਣ ਵਿਰੁੱਧ ਪਟੀਸ਼ਨ ਉੱਤੇ ਸੁਣਵਾਈ ਫਿਰ ਟਲੀ

ਨਵੀਂ ਦਿੱਲੀ- ਸਾਲ 2002 ਵਿੱਚ ਹੋਏ ਗੁਜਰਾਤ ਦੰਗਿਆਂ ਨਾਲ ਸੰਬੰਧਤ ਕੇਸਾਂ ਦੇ ਬਾਰੇ ਸੁਪਰੀਮ ਕੋਰਟ ਨੇ ਅੱਜ ਸੋਮਵਾਰ ਨੂੰ ਕਿਹਾ ਹੈ ਕਿ ਓਦੋਂ ਦੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਜਾਂਚ ਟੀਮ ਦੀ ਕਲੀਨ ਚਿਟ ਦੇ ਖਿਲਾਫ ਸਾਬਕਾ ਪਾਰਲੀਮੈਂਟ ਮੈਂਬਰ ਦੀ ਵਿਧਵਾ ਜ਼ਾਕੀਆ ਜਾਫਰੀ ਦੀ ਪਟੀਸ਼ਨ ਉੱਤੇ ਜੁਲਾਈ ਵਿੱਚ ਸੁਣਵਾਈ ਹੋਵੇਗੀ। ਜ਼ਾਕੀਆ ਜਾਫਰੀ ਦੇ ਪਤੀ ਉਨ੍ਹਾਂ ਦੰਗਿਆਂ ਦੌਰਾਨ ਮਾਰੇ ਗਏ ਸਨ।
ਜਸਟਿਸ ਏ ਐੱਮ ਖਾਨਵਿਲਕਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਹਾਈ ਕੋਰਟ ਦੇ 5 ਅਕਤੂਬਰ 2017 ਦੇ ਫੈਸਲੇ ਦੇ ਖਿਲਾਫ ਜ਼ਾਕੀਆ ਜਾਫਰੀ ਦੀ ਅਪੀਲ ਉੱਤੇ ਸੁਪਰੀਮ ਕੋਰਟ ਜੁਲਾਈ ''ਚ ਸੁਣਵਾਈ ਕਰੇਗੀ। ਜ਼ਾਕੀਆ ਜਾਫਰੀ ਦੀ ਅਪੀਲ ਉੱਤੇ ਪਿਛਲੇ ਮਹੀਨੇ ਵੀ ਸੁਣਵਾਈ ਟਾਲ ਦਿੱਤੀ ਗਈ ਸੀ। ਸਾਬਕਾ ਕਾਂਗਰਸ ਪਾਰਲੀਮੈਂਟ ਮੈਂਬਰ ਅਹਿਸਾਨ ਜਾਫਰੀ ਦੀ ਪਤਨੀ ਜ਼ਾਕੀਆ ਨੇ ਵਿਸ਼ੇਸ਼ ਜਾਂਚ ਟੀਮ ਦੇ ਫੈਸਲੇ ਖਿਲਾਫ ਉਨ੍ਹਾਂ ਦੀ ਪਟੀਸ਼ਨ ਰੱਦ ਕਰਨ ਦੇ ਗੁਜਰਾਤ ਹਾਈ ਕੋਰਟ ਦੇ 5 ਅਕਤੂਬਰ 2017 ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ। ਅਹਿਮਦਾਬਾਦ ਦੀ ਗੁਲਬਰਗ ਸੋਸਾਇਟੀ ਵਿੱਚ 28 ਫਰਵਰੀ 2002 ਨੂੰ ਹਿੰਸਕ ਭੀੜ ਵਲੋਂ ਮਾਰੇ ਗਏ 68 ਵਿਅਕਤੀਆਂ ਵਿੱਚ ਅਹਿਸਾਨ ਜਾਫਰੀ ਵੀ ਸ਼ਾਮਲ ਸਨ। ਇਨ੍ਹਾਂ ਦੰਗਿਆਂ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨੇ 8 ਫਰਵਰੀ 2012 ਨੂੰ ਨਰਿੰਦਰ ਮੋਦੀ ਤੇ ਕਈ ਸਰਕਾਰੀ ਅਫਸਰਾਂ ਸਮੇਤ 64 ਦੋਸ਼ੀਆਂ ਨੂੰ ਕਲੀਨ ਚਿਟ ਦੇ ਕੇ ਕੇਸ ਬੰਦ ਕਰਨ ਲਈ ਰਿਪੋਰਟ ਦਿੱਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਇਨ੍ਹਾਂ ਸਾਰਿਆਂ ਦੇ ਖਿਲਾਫ ਕੇਸ ਚਲਾਉਣ ਜੋਗੇ ਸਬੂਤ ਨਹੀਂ ਹਨ।