image caption:

ਅਲਟਰਾਸਾਊਂਡ ਸੈਂਟਰ ਉੱਤੇ ਛਾਪੇ ਦੌਰਾਨ ਪੰਜ ਦੋਸ਼ੀ ਫੜੇ ਗਏ

ਫਤਹਿਗੜ੍ਹ ਚੂੜੀਆਂ- ਏਥੇ ਇੱਕ ਨਰਸਿੰਗ ਹੋਮ ਵਿੱਚ ਲਿੰਗ ਨਿਰਧਾਰਤ ਟੈਸਟ ਹੋਣ ਦੀ ਖੁਫੀਆ ਸੂਚਨਾ ਉੱਤੇ ਫਤਹਿਗੜ੍ਹ ਚੂੜੀਆਂ ਦੇ ਮੇਨ ਬਾਜ਼ਾਰ ਵਿੱਚ ਗੁਰੂ ਨਾਨਕ ਅਲਟਰਾਸਾਊਂਡ ਅਤੇ ਡਾਇਗਨੋਸਟਿਕ ਸੈਂਟਰ 'ਤੇ ਚੰਡੀਗੜ੍ਹ ਦੀ ਟੀਮ ਨੇ ਛਾਪਾ ਮਾਰਿਆ ਹੈ। ਪਤਾ ਲੱਗਾ ਹੈ ਕਿ ਇਥੇ ਮਸ਼ੀਨ ਲਾ ਕੇ ਇਹ ਚੈੱਕ ਕੀਤਾ ਜਾਂਦਾ ਸੀ ਕਿ ਗਰਭਵਤੀ ਦੇ ਪੇਟ ਵਿੱਚ ਮੁੰਡਾ ਹੈ ਜਾਂ ਕੁੜੀ। ਚੰਡੀਗੜ੍ਹ ਸਿਹਤ ਵਿਭਾਗ ਦੀ ਟੀਮ ਵੱਲੋਂ ਫਤਹਿਗੜ੍ਹ ਚੂੜੀਆਂ ਦੇ ਮੇਨ ਬਾਜ਼ਾਰ ਵਿੱਚ &lsquoਗੁਰੂ ਨਾਨਕ ਅਲਟਰਾਸਾਊਂਡ ਤੇ ਡਾਇਗਨੋਸਟਿਕ ਸੈਂਟਰ' ਵਿੱਚ ਛਾਪਾਮਾਰੀ ਦੌਰਾਨ ਅਦਾਰੇ ਦੇ ਮਾਲਕ ਅਤੇ ਉਸ ਦੇ ਸਾਥੀਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਸੰਬੰਧ ਵਿੱਚ ਪਤਾ ਲੱਗਾ ਹੈ ਕਿ ਸਿਵਲ ਸਰਜਨ ਗੁਰਦਾਸਪੁਰ ਕਿਸ਼ਨ ਚੰਦ ਕੋਲ ਗੁਪਤ ਸੂਚਨਾ ਸੀ ਕਿ ਇਸ ਸੈਂਟਰ ਵਿੱਚ ਲਿੰਗ ਨਿਰਧਾਰਨ ਟੈਸਟ ਕੀਤੇ ਜਾਂਦੇ ਹਨ। ਇਸ ਪਿੱਛੋਂ ਸਿਹਤ ਵਿਭਾਗ ਦੀ ਖਾਸ ਟੀਮ ਨੇ ਗੁਪਤ ਆਪ੍ਰੇਸ਼ਨ ਰਾਹੀਂ ਚੰਡੀਗੜ੍ਹੋਂ ਸਪੀਡ ਨੈਟਵਰਕ ਦੇ ਡਾਇਰੈਕਟਰ ਡਾ. ਰਮੇਸ ਦੱਤ ਦੀ ਅਗਵਾਈ ਵਿੱਚ ਹਰਦੀਪ ਸਿੰਘ ਅੰਮ੍ਰਿਤਸਰ, ਐਸ ਐਮ ਓ ਬਟਾਲਾ ਸੰਜੀਵ ਭੱਲਾ, ਐਸ ਐਮ ਓ ਫਤਹਿਗੜ੍ਹ ਚੂੜੀਆਂ ਅਰੁਣ ਕੁਮਾਰ ਨੇ ਸੈਂਟਰ ਦੇ ਮਾਲਕ ਨੂੰ ਲਿੰਗ ਨਿਰਧਾਰਿਤ ਟੈਸਟ ਕਰਦੇ ਰੰਗੇ ਹੱਥੀਂ ਫੜਿਆ ਤੇ ਸੈਂਟਰ ਦੇ ਮਾਲਕ ਤੇ ਹਸਪਤਾਲ ਦੇ ਪੰਜ ਕਾਰਿੰਦਿਆਂ ਡਾ. ਅਮਨਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਫਤਹਿਗੜ੍ਹ ਚੂੜੀਆਂ, ਓਂਕਾਰ ਸਿੰਘ ਹੈਲਪਰ ਪੁੱਤਰ ਮਨਜੀਤ ਸਿੰਘ ਵਾਸੀ ਫਤਹਿਗੜ੍ਹ ਚੂੜੀਆਂ, ਪ੍ਰਿਤਪਾਲ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਗੱਗੋਮਾਹਲ, ਰਣਜੀਤ ਸਿੰਘ ਪੁੱਤਰ ਸੱਤਪਾਲ ਸਿੰਘ ਘਣੀਏ ਕੇ ਬਾਂਗਰ ਅਤੇ ਔਰਤ ਬਲਵਿੰਦਰ ਕੌਰ ਵਿਧਵਾ ਪਤਨੀ ਕੁਲਵੰਤ ਸਿੰਘ ਵਾਸੀ ਹੇਰ ਨੂੰ ਕਾਬੂ ਕਰ ਲਿਆ ਹੈ। ਇਸ ਮੌਕੇ ਐਸ ਐਚ ਓ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਾਨੂੰਨੀ ਕਾਰਵਾਈ ਕਰ ਕੇ ਪਰਚਾ ਦਰਜ ਕਰਕੇ ਬਟਾਲੇ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲੈ ਲਿਆ ਹੈ। ਐਸ ਐਚ ਓ ਨੇ ਦੱਸਿਆ ਕਿ ਡਾ. ਅਮਨਦੀਪ ਸਿੰਘ ਕੋਲੋਂ 9000, ਪ੍ਰਿਤਪਾਲ ਸਿੰਘ ਤੋਂ 5000, ਬਲਵਿੰਦਰ ਕੌਰ ਤੋਂ 1000 ਅਤੇ ਗੱਲੇ ਵਿੱਚੋਂ 47500 ਦੇ ਕਰੀਬ ਰੁਪਏ ਬਰਾਮਦ ਕਰ ਲਏ ਹਨ। ਏ ਐਸ ਆਈ ਪਲਵਿੰਦਰ ਸਿੰਘ ਨੇ ਟੈਸਟ ਮਸ਼ੀਨ ਨੂੰ ਕਬਜ਼ੇ ਵਿੱਚ ਕਰ ਲਿਆ ਹੈ।