image caption:

ਰੰਧਾਵਾ ਨੇ ਪੁੱਛਿਆ : ਬੁੱਧਰਾਮ ਦਾ ਕਰਜ਼ਾ 1.76 ਲੱਖ ਰੁਪਏ ਸੀ, ਮਜੀਠੀਆ ਨੇ 3.86 ਲੱਖ ਕਿਉਂ ਦਿੱਤੇ

ਚੰਡੀਗੜ੍ਹ- ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਾਰ ਫਿਰ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਕਿਸਾਨ ਬੁੱਧਰਾਮ ਨੂੰ ਦਿੱਤੇ ਪੈਸੇ ਕਾਨੂੰਨੀ ਸਰੋਤ ਤੋਂ ਆਏ ਹਨ ਤਾਂ ਮਜੀਠੀਆ ਇਨ੍ਹਾਂ ਪੈਸਿਆਂ ਬਾਰੇ ਸਥਿਤੀ ਸਪੱਸ਼ਟ ਕਰਨ ਅਤੇ ਏਦਾਂ ਕਰਨ ਤੋਂ ਨਾਕਾਮ ਰਹਿਣ ਦੀ ਸੂਰਤ ਵਿੱਚ ਈ ਡੀ ਦੀ ਜਾਂਚ ਕਰਾਉਣ ਦੇ ਲਈ ਤਿਆਰ ਰਹਿਣ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਕੋਲੋਂ ਜਾਂਚ ਦੀ ਮੰਗ ਕੀਤੀ ਹੈ, ਕਿਉਂਕਿ ਮਜੀਠੀਆ ਇਸ ਵਕਤ ਸਰਕਾਰ ਦਾ ਹਿੱਸਾ ਨਹੀਂ ਅਤੇ ਉਹ ਇਹ ਦੱਸਣ ਤੋਂ ਵੀ ਅਸਫਲ ਰਹੇ ਹਨ ਕਿ ਉਨ੍ਹਾਂ ਨੇ ਇਹ ਪੈਸੇ ਕਿਸਾਨ ਨੂੰ ਕਿਸ ਸਰੋਤ ਤੋਂ ਦਿੱਤੇ ਹਨ। ਰੰਧਾਵਾ ਨੇ ਕਿਹਾ ਕਿ ਇਹ ਮੁੱਦਾ ਲੋਕਾਂ ਮੂਹਰੇ ਲਿਆਉਣਾ ਜ਼ਿਆਦਾ ਜ਼ਰੂਰੀ ਹੈ ਕਿ ਮਜੀਠੀਆ ਨੇ ਕਿਸਾਨ ਨੂੰ 3.86 ਲੱਖ ਰੁਪਏ ਕਿਉਂ ਦਿੱਤੇ, ਜਦ ਕਿ ਰਿਕਾਰਡ ਦੇ ਅਨੁਸਾਰ ਉਸ ਦਾ ਕਰਜ਼ਾ 1.76 ਲੱਖ ਰੁਪਏ ਬਣਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਨੇਤਾ ਨੂੰ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਇਹ ਦੱਸਣਾ ਹੋਵੇਗਾ ਕਿ ਆਪਣੇ ਹਲਕੇ ਵਿੱਚੋਂ ਕਿਸੇ ਗਰੀਬ ਪਰਵਾਰ ਦੀ ਮਦਦ ਕਰਨ ਦੀ ਥਾਂ ਦੂਸਰੇ ਇਲਾਕੇ ਦੇ ਕਿਸਾਨ ਨੂੰ ਕਿਉਂ ਚੁਣਿਆ। ਰੰਧਾਵਾ ਨੇ ਕਿਹਾ ਕਿ ਇਹ ਘਟਨਾਵਾਂ ਇਸ ਗੱਲ ਵੱਲ ਸੰਕੇਤ ਕਰਦੀਆਂ ਹਨ ਕਿ ਰਾਜਨੀਤਕ ਲਾਹਾ ਲੈਣ ਲਈ ਮਜੀਠੀਆ ਨੇ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਧੋਖਾ ਕੀਤਾ।