image caption:

ਵਿਧਾਇਕਾਂ ਦੇ ਸਵਾਲ ਸੁਣਨ ਪਿੱਛੋਂ ਮੰਤਰੀ ਬਾਜਵਾ ਨੂੰ ਮਨਰੇਗਾ ਦੇ ਪੈਸੇ ਦੀ ਯਾਦ ਆਈ

ਚੰਡੀਗੜ੍ਹ- ਪੰਜਾਬ ਕਾਂਗਰਸ ਵੱਲੋਂ ਲੋਕ ਸਭਾ ਸੀਟਾਂ ਦੇ ਰਿਵਿਊ ਦੌਰਾਨ ਮਨਰੇਗਾ ਬਾਰੇ ਕਾਂਗਰਸੀ ਵਿਧਾਇਕਾਂ ਵੱਲੋਂ ਪੁੱਛੇ ਸਵਾਲਾਂ ਦੇ ਬਾਅਦ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੂੰ ਮਨਰੇਗਾ ਚੇਤਾ ਆਇਆ ਅਤੇ ਇਹ ਦੱਸਿਆ ਹੈ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਪੇਂਡੂ ਵਿਕਾਸ, ਪੰਚਾਇਤੀ ਰਾਜ ਤੇ ਮਾਈਨਿੰਗ ਬਾਰੇ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਉਸਾਰੀ ਦੇ ਸਾਮਾਨ ਅਤੇ ਮਜ਼ਦੂਰੀ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਕਰਨ ਦੀ ਮੰਗ ਬਾਰੇ ਇੱਕ ਤਾਜ਼ਾ ਪੱਤਰ ਲਿਖਿਆ ਹੈ।
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੇਂਦਰੀ ਮੰਤਰੀ ਨੂੰ ਲਿਖੀ ਆਪਣੀ ਚਿੱਠੀ ਵਿੱਚ ਕਿਹਾ ਕਿ ਉਸਾਰੀ ਦੇ ਸਾਮਾਨ ਬਾਰੇ 128 ਕਰੋੜ ਰੁਪਏ ਦੀ ਦੇਣਦਾਰੀ ਬਾਕੀ ਹੈ। ਇਸ ਦੇ ਲਈ ਕੇਂਦਰ ਸਰਕਾਰ ਤੋਂ ਫੰਡਾਂ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਦੂਸਰੀ ਕਿਸ਼ਤ ਦੇ ਫੰਡ ਰਿਲੀਜ਼ ਕਰਨ ਲਈ ਪੱਤਰ ਭਾਰਤ ਸਰਕਾਰ ਨੂੰ ਭੇਜਿਆ ਗਿਆ ਹੈ, ਪਰ ਇਸ ਬਾਰੇ ਪੰਜਾਬ ਨੂੰ ਹਾਲੇ ਤੱਕ ਸਿਰਫ 8.97 ਕਰੋੜ ਰੁਪਏ ਮਿਲੇ ਹਨ। ਬਾਜਵਾ ਨੇ ਕਿਹਾ ਕਿ 14 ਨਵੰਬਰ 2018 ਤੋਂ ਅੱਜ ਤੱਕ ਭਾਰਤ ਸਰਕਾਰ ਵੱਲੋਂ ਮਜ਼ਦੂਰੀ ਦੇ ਭੁਗਤਾਨ ਨਾਲ ਸੰਬੰਧਤ 103 ਕਰੋੜ ਰੁਪਏ ਦੀ ਦੇਣਦਾਰੀ ਬਕਾਇਆ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਤੋਂ ਮਜ਼ਦੂਰੀ ਦੇ ਭੁਗਤਾਨ ਲਈ 103 ਕਰੋੜ ਅਤੇ ਨਿਰਮਾਣ ਸਮੱਗਰੀ ਦੇ ਲਈ 128 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ। ਅਹਿਮ ਗੱਲ ਇਹ ਕਿ ਸ਼ੁੱਕਰਵਾਰ ਨੂੰ ਚੰਡੀਗੜ੍ਹ ਕਾਂਗਰਸ ਭਵਨ ਵਿੱਚ ਚਾਰ ਲੋਕ ਸਭਾ ਸੀਟਾਂ ਦੀ ਰਿਵਿਊ ਦੇ ਦੌਰਾਨ ਵੀ ਮਨਰੇਗਾ ਦਾ ਮੁੱਦਾ ਉਠਿਆ ਸੀ, ਇਸ ਬੈਠਕ ਵਿੱਚ ਬਾਜਵਾ ਵੀ ਸ਼ਾਮਲ ਸਨ।