image caption:

ਸੁਖਬੀਰ ਬਾਦਲ ਨੇ ਹਰਿਆਣੇ ਵਿੱਚ ਰਾਜ ਕੁਮਾਰ ਸੈਣੀ ਨਾਲ ਮਿਲ ਕੇ ਭਾਜਪਾ ਨੂੰ ਧੌਂਸ ਦਿਖਾਈ

ਚੰਡੀਗੜ੍ਹ- ਸਿਆਸੀ ਗੱਠਜੋੜ ਲਈ ਅਕਾਲੀ ਦਲ ਭਾਵੇਂ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਦੀ ਧਿਰ ਨਾਲ ਖੜਾ ਹੈ, ਪਰ ਹਰਿਆਣਾ ਵਿੱਚ ਉਹ ਭਾਜਪਾ ਨਾਲੋਂ ਵੱਖ ਹੋ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਰਾਜ ਕੁਮਾਰ ਸੈਣੀ ਦੀ ਲੋਕਤੰਤਰ ਸੁਰੱਖਿਆ ਪਾਰਟੀ (ਐੱਲ ਐੱਸ ਪੀ) ਨਾਲ ਗਠਜੋੜ ਕਰਨ ਦੇ ਰਾਹ ਪੈ ਗਿਆ ਹੈ। ਕੱਲ੍ਹ ਪਾਰਲੀਮੈਂਟ ਮੈਂਬਰ ਰਾਜ ਕੁਮਾਰ ਸੈਣੀ ਦੀ ਐੱਲ ਐੱਸ ਪੀ ਦੇ ਨੇਤਾਵਾਂ ਨਾਲ ਅਕਾਲੀ ਦਲ ਦੀ ਬੈਠਕ ਵਿੱਚ ਗਠਜੋੜ ਦੇ ਬਾਰੇ ਚਰਚਾ ਕੀਤੀ ਗਈ ਹੈ। ਐੱਲ ਐੱਸ ਪੀ ਪਹਿਲਾਂ ਬਸਪਾ ਨਾਲ ਵੀ ਸਮਝੌਤਾ ਕਰ ਚੁੱਕੀ ਹੈ।
ਇਸ ਸੰਬੰਧ ਵਿੱਚ ਅਕਾਲੀ ਦਲ ਦੇ ਬੁਲਾਰੇ ਅਤੇ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਅਤੇ ਵਿਧਾਇਕ ਐੱਨ ਕੇ ਸ਼ਰਮਾ ਨੇ ਰਾਜ ਕੁਮਾਰ ਸੈਣੀ ਨੂੰ ਮਿਲ ਕੇ ਲੋਕ ਸਭਾ ਚੋਣਾਂ ਵਿੱਚ ਸੀਟਾਂ ਦੇ ਤਾਲਮੇਲ 'ਤੇ ਚਰਚਾ ਕੀਤੀ ਹੈ। ਉਸ ਦੇ ਬਾਅਦ ਸਿਰਸਾ ਨੇ ਦੱਸਿਆ ਕਿ ਇਹ ਪਹਿਲੀ ਬੈਠਕ ਸੀ ਅਤੇ ਬਿਹਤਰ ਮਾਹੌਲ ਵਿੱਚ ਹੋਈ ਹੈ। ਰਾਜ ਕੁਮਾਰ ਸੈਣੀ ਦਾ ਵਿਹਾਰ ਬੇਹੱਦ ਹਾਂ-ਪੱਖੀ ਸੀ। ਹਰਿਆਣਾ ਵਿੱਚ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਹਿਸਾਰ, ਸਿਰਸਾ ਪੰਜ ਲੋਕ ਸਭਾ ਹਲਕਿਆਂ ਵਿੱਚ ਸਿੱਖਾਂ ਦੀ ਆਬਾਦੀ ਜ਼ਿਆਦਾ ਹੈ ਅਤੇ ਗਠਜੋੜ ਇਸ ਦਾ ਲਾਭ ਚਾਹੁੰਦਾ ਹੈ। ਇਸ ਦੇ ਬਿਨਾ ਹਰਿਆਣਾ ਵਿੱਚ ਵਿਧਾਨ ਸਭਾ ਦੀਆਂ 33 ਸੀਟਾਂ ਉੱਤੇ ਸਿੱਖ ਫੈਸਲਾਕੁੰਨ ਭੂਮਿਕਾ ਵਿੱਚ ਹਨ। ਵਿਧਾਇਕ ਸ਼ਰਮਾ ਨੇ ਦੱਸਿਆ ਕਿ ਇਸ ਮੁੱਦੇ ਉੱਤੇ ਅਗਲੀ ਬੈਠਕ ਛੇਤੀ ਹੀ ਦਿੱਲੀ ਵਿੱਚ ਹੋਵੇਗੀ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੱਲ੍ਹ ਦੀ ਬੈਠਕ ਦੀ ਰਿਪੋਰਟ ਪਾਰਟੀ ਹਾਈ ਕਮਾਨ ਨੂੰ ਦੇ ਦਿੱਤੀ ਹੈ।
ਵਰਨਣ ਯੋਗ ਹੈ ਕਿ ਅਕਾਲੀ ਦਲ ਦੀ ਬੀਤੇ ਸ਼ਨੀਵਾਰ ਹੋਈ ਉਚ ਪੱਧਰੀ ਬੈਠਕ ਵਿੱਚ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿੱਚ ਨਵੇਂ ਗਠਜੋੜ ਦੇ ਸੰਕੇਤ ਦਿੰਦੇ ਹੋਏ ਤਿੰਨ ਮੈਂਬਰੀ ਕਮੇਟੀ ਬਣਾੲ ਦਿੱਤੀ ਸੀ, ਜਿਸ ਵਿੱਚ ਮਨਜਿੰਦਰ ਸਿੰਘ ਸਿਰਸਾ, ਐੱਨ ਕੇ ਸ਼ਰਮਾ ਅਤੇ ਪਾਰਲੀਮੈਂਟ ਮੈਂਬਰ ਬਲਵਿੰਦਰ ਸਿੰਘ ਭੂੰਦੜ ਸ਼ਾਮਲ ਹਨ। ਸਿਰਸਾ ਨੇ ਕਿਹਾ ਕਿ ਅਕਾਲੀ ਦਲ ਲਈ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਕੇ ਹਰ ਕਿਸੇ ਨਾਲ ਸਮਝੌਤਾ ਕਰਨ ਦੇ ਦਰਵਾਜ਼ੇ ਖੁੱਲ੍ਹੇ ਹਨ। ਹੈਰਾਨੀ ਦੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਬੀਤੇ ਸ਼ਨੀਵਾਰ ਨੂੰ ਬੈਠਕ ਕਰ ਕੇ ਪੰਜਾਬ ਵਿੱਚ ਸਮਝੌਤਾ ਕਾਇਮ ਰੱਖਣ ਅਤੇ 10 ਸੀਟਾਂ ਉੱਤੇ ਅਕਾਲੀ ਦਲ ਤੇ ਤਿੰਨ ਸੀਟਾਂ ਉੱਤੇ ਭਾਜਪਾ ਦੇ ਲੜਨ ਦਾ ਐਲਾਨ ਕੀਤਾ ਸੀ, ਪਰ ਹਰਿਆਣਾ ਵਿੱਚ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਪਾਰਲੀਮੈਂਟ ਮੈਂਬਰ ਰਾਜ ਕੁਮਾਰ ਸੈਣੀ ਦਾ ਪੱਲਾ ਫੜ ਕੇ ਭਾਜਪਾ ਨੂੰ ਠਿੱਬੀ ਲਾਉਣ ਤੁਰ ਪਿਆ ਹੈ।