image caption: ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ

ਜੀਊਂਦੇ ਰਹਿਣ ਲਈ ਆਪਣੀ ਮਾਂ ਬੋਲੀ ਪੰਜਾਬੀ ਓਨਾ ਹੀ ਜਰੂਰੀ ਹੈ ਜਿਨ੍ਹਾਂ ਜਿਊਂਦੇ ਰਹਿਣ ਲਈ ਸਾਹ ਲੈਣਾ ਜਰੂਰੀ ਹੈ



ਪੰਜਾਬੀ ਸੂਬਾ ਬਣਨ ਤੋਂ ਪਹਿਲਾਂ 'ਪੰਜਾਬੀ ਪੜ੍ਹਨ ਲਿਖਣ ਲਈ 'ਗੁਰਮੁਖੀ' ਸ਼ਬਦ ਦੀ ਹੀ ਵਰਤੋਂ ਕੀਤੀ ਜਾਂਦੀ ਸੀ

    ਲਹਿੰਦੇ, ਚੜ੍ਹਦੇ (ਪੂਰਬੀ ਤੇ ਪੱਛਮੀ) ਪੰਜਾਬ ਦੀਆਂ ਉਹ ਸਮੂਹ ਸੰਸਥਾਵਾਂ, ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ, ਸਮੂਹ ਲੇਖਕ, ਸਮੂਹ ਪਾਠਕ ਸਭ ਵਧਾਈ ਦੇ ਪਾਤਰ ਹਨ, ਜਿਹੜੇ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਉੱਦਮ, ਉਪਰਾਲੇ ਕਰ ਰਹੇ ਹਨ, ਉਨ੍ਹਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਥੋੜ੍ਹੀ ਹੈ।

    ਲਹਿੰਦੇ ਪੰਜਾਬ ਵਿੱਚ ਪੰਜਾਬੀ ਸਾਹਿਤ ਸ਼ਾਹਮੁਖੀ ਵਿੱਚ ਲਿਖਿਆ ਜਾਂਦਾ ਹੈ ਅਤੇ ਚੜ੍ਹਦੇ ਪੰਜਾਬ ਭਾਵ ਭਾਰਤ ਵਿੱਚਲੇ ਪੰਜਾਬੀ ਸੂਬੇ ਵਿੱਚ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਵਿੱਚ ਪੜ੍ਹੀ ਤੇ ਲਿਖੀ ਜਾਂਦੀ ਹੈ। ਜਿਥੋਂ ਤੱਕ ਪੰਜਾਬੀ ਬੋਲੀ ਦਾ ਸੁਆਲ ਹੈ, ਇਸ ਵਿੱਚ ਦੋ ਰਾਵਾਂ ਹੀ ਨਹੀਂ ਹਨ ਕਿ ਹਰ ਪ੍ਰਾਣੀ ਲਈ ਆਪਣੀ ਮਾਂ ਬੋਲੀ ਓਨੀ ਹੀ ਜਰੂਰੀ ਹੁੰਦੀ ਹੈ, ਜਿਨ੍ਹਾਂ ਜੀਊਂਦੇ ਰਹਿਣ ਲਈ ਸਾਹ ਲੈਣਾ ਜਰੂਰੀ ਹੁੰਦਾ ਹੈ। ਪਰ ਇਥੇ ਵਿਚਾਰਨਯੋਗ ਤੱਥ ਇਹ ਵੀ ਹੈ, ਕਿ ਬੋਲੀ ਤੇ ਲਿਪੀ ਵਿੱਚ ਅੰਤਰ ਕੀ ਹੈ ਜਿਵੇਂ ਅਸੀਂ ਉੱਤੇ ਦੱਸ ਆਏ ਹਾਂ ਕਿ ਲਹਿੰਦੇ ਪੰਜਾਬ ਵਿੱਚ ਪੰਜਾਬੀ ਸਾਹਿਤ ਸ਼ਾਹਮੁਖੀ ਵਿੱਚ ਲਿਖਿਆ ਜਾਂਦਾ ਹੈ ਅਤੇ ਚੜ੍ਹਦੇ ਪੰਜਾਬ ਭਾਵ ਅੱਜ ਵਾਲੇ ਲੂਲੇ ਲੰਗੜੇ ਪੰਜਾਬੀ ਸੂਬੇ ਵਿੱਚ ਸਿੱਖ ਸਾਹਿਤ ਤੇ ਪੰਜਾਬੀ ਸਾਹਿਤ ਗੁਰਮੁਖੀ ਲਿਪੀ ਵਿੱਚ ਲਿਖਿਆ ਜਾਂਦਾ ਹੈ। "ਪੰਜਾਬ ਦੇ ਹਿੰਦੂਆਂ ਨੇ ਪੰਜਾਬ ਦੀ ਹਰ ਜਾਇਜ਼ ਮੰਗ ਦੀ ਵਿਰੋਧਤਾ ਕੀਤੀ ਤੇ ਪੰਜਾਬੀ ਸੂਬੇ ਬਾਰੇ ਤਾਂ ਸਿੱਖਾਂ ਨੂੰ ਪਾਕਿਸਤਾਨ ਪੱਖੀ ਤੇ ਗੱਦਾਰ' ਦਾ ਖਿਤਾਬ ਵੀ ਦਿੱਤਾ। ਪੰਜਾਬੀ ਭਾਸ਼ਾ ਦੇ ਵਿਰੋਧ ਵਿੱਚ ਤਾਂ ਫਿਰਕਾਪ੍ਰਸੱਤ ਹਿੰਦੂ ਲਾਲਾ ਜਗਤ ਨਰਾਇਣ ਨੇ ਇਹ ਵੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਸੀ ਕਿ ਪੰਜਾਬ ਵਿੱਚ 70% ਸ਼ੁੱਧ ਹਿੰਦੀ ਭਾਸ਼ਾ ਬੋਲੀ ਜਾਂਦੀ ਹੈ। ਸਿੱਖੀ ਨੂੰ ਬੇ-ਦਾਵਾ ਦੇ ਕੇ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਨਾਅਰਾ ਲਾਉਣ ਵਾਲੇ ਪੰਜਾਬੀ ਸਿੱਖਾਂ ਨੂੰ ਇਹ ਗੱਲ ਜਰੂਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਅੱਜ ਵੀ ਪੰਜਾਬ ਦਾ ਹਿੰਦੂ ਪੰਜਾਬੀ ਭਾਸ਼ਾ ਦਾ ਵਿਰੋਧੀ ਹੈ। ਚੰਡੀਗੜ੍ਹ ਹਾਲੇ ਬਣ ਰਿਹਾ ਸੀ ਪੰਜਾਬ ਵਿੱਚੋਂ ਤਿੰਨ ਸੌ ਹਿੰਦੂਆਂ ਨੇ ਚੰਡੀਗੜ੍ਹ 11 ਸੈਕਟਰ ਵਿੱਚ ਪਹੁੰਚ ਕੇ ਬਿਲਡਿੰਗ ਦੇ ਬਾਹਰ ਆ ਕੇ ਨਾਅਰੇ ਲਾਏ ਸਨ ਕਿ "ਊੜਾ ਐੜਾ ਨਹੀਂ ਪੜ੍ਹਾਂਗੇ, ਗੰਦੀ ਭਾਸ਼ਾ ਨਹੀਂ ਪੜ੍ਹਾਂਗੇ" ਉਨ੍ਹਾਂ ਹਿੰਦੂਆਂ ਨੇ ਇਹ ਨਾਅਰਾ ਨਹੀਂ ਸੀ ਲਾਇਆ ਕਿ ਪੰਜਾਬੀ ਨਹੀਂ ਪੜ੍ਹਾਂਗੇ ਸਗੋਂ ਇਹ ਨਾਅਰਾ ਲਾਇਆ ਕਿ ਊੜਾ, ਐੜਾ ਨਹੀਂ ਪੜ੍ਹਾਂਗੇ ਭਾਵ ਗੁਰਮੁਖੀ ਨਹੀਂ ਪੜ੍ਹੇਂਗੇ। ਪੰਜਾਬੀ ਸੂਬਾ ਬਣਨ ਤੋਂ ਪਹਿਲਾਂ 'ਪੰਜਾਬੀ ਪੜ੍ਹਨ ਲਿਖਣ ਲਈ 'ਗੁਰਮੁਖੀ' ਸ਼ਬਦ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਸਿੱਖ ਰਹਿਤ ਮਰਿਯਾਦਾ ਦੇ ਪੰਨਾ 16 ਉੱਤੇ ਵੀ ਇਹ ਹੀ ਲਿਖਿਆ ਹੈ ਕਿ "ਹਰ ਇਕ ਸਿੱਖ ਸਿੱਖਣੀ, ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸਿੱਖਣਾ ਚਾਹੀਦੈ" ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋ ਹੀ ਤਾਂ ਸਕਦਾ ਹੈ ਜੇ ਗੁਰਮੁਖੀ ਪੜ੍ਹਨੀ ਆਉਂਦੀ ਹੋਵੇ, ਭਾਵ ਕੇਵਲ ਪੰਜਾਬੀ ਬੋਲਣ ਵਾਲਾ ਪੰਜਾਬੀ (ਗੁਰਮੁਖੀ) ਪੜ੍ਹ ਨਹੀਂ ਸਕਦਾ, ਤੇ ਨਾ ਹੀ ਲਿਖ ਸਕਦਾ ਹੈ। ਪ੍ਰੋ: ਪਿਆਰਾ ਸਿੰਘ ਪਦਮ ਨੇ ਗੁਰਮੁਖੀ ਲਿਪੀ ਦਾ ਇਤਿਹਾਸ ਬੜੇ ਵਿਸਥਾਰ ਨਾਲ ਲਿਖਿਆ ਹੈ, ਉਸ ਦੇ ਅਰੰਭ ਵਿੱਚ ਉਹ ਲਿਖਦੇ ਹਨ ਕਿ "ਈਮਾਨ, ਗਿਆਨ, ਕਰਣ ਕਾਰਣ ਭਗਵਾਨ ਵਾਂਗ ਅਤਿ ਸੂਖਮ ਹੈ। ਜਦੋਂ ਇਹ ਅੱਖਰੀ ਜਾਮਾ ਪਹਿਨ ਕੇ ਦੇਹਧਾਰੀ ਬਣਦਾ ਹੈ ਤਾਂ ਹੀ ਸੰਸਾਰ ਇਸ ਦੀ ਪਛਾਣ ਕਰਦਾ ਹੈ ਤੇ ਫਿਰ ਇਹ ਸਾਰੇ ਜਹਾਨ ਦੀ ਪਛਾਣ ਕਰਾਉਂਦਾ  ਹੈ। ਗੁਰੂ ਨਾਨਕ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਨ, ਇਸ ਕਰਕੇ ਹੀ ਉਨ੍ਹਾਂ ਬਾਣੀ ਉਚਾਰੀ, "ਅਖਰੀ ਨਾਮੁ ਅਖਰੀ ਸਾਲਾਹ।। ਅਖਰੀ ਗਿਆਨੁ ਗੀਤ ਗੁਣ ਗਾਹ।। ਅਖਰੀ ਲਿਖਣੁ ਬੋਲਣੁ ਬਾਣਿ।।" (ਜਪੁਜੀ ਸਾਹਿਬ) ਅਤੇ "ਅਖਰ ਲਿਖੇ ਸੇਈ ਗਾਵਾਂ ਅਵਰਿ ਨ ਜਾਣਾ ਬਾਣੀ" (ਬਸੰਤ 1)


    ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਜਿਥੇ 'ਧੁਰ ਕੀ ਬਾਣੀ (ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ) ਨੂੰ ਗੁਰਮੁਖੀ ਲਿਪੀ ਵਿੱਚ ਲਿਖਿਆ ਉਥੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਭਗਤਾਂ ਦੀ ਬਾਣੀ ਵੀ ਇਕੱਤਰ ਕੀਤੀ ਉਸ ਨੂੰ ਵੀ ਆਪਣੇ ਹੱਥੀਂ ਗੁਰਮੁਖੀ ਲਿਪੀ ਵਿੱਚ ਲਿਖਿਆ ਅਤੇ ਸਾਂਭਿਆ, ਕਿਉਂਕਿ ਭਗਤਾਂ ਨੇ ਆਪਣੀ ਬਾਣੀ ਉਸੇ ਇਲਾਕਾਈ ਭਾਸ਼ਾ ਵਿੱਚ ਉਚਾਰੀ ਤੇ ਲਿਖੀ ਜਿਸ ਇਲਾਕੇ ਦੇ ਉਹ ਵਸਨੀਕ ਸਨ।


 ਗੁਰੂ ਨਾਨਕ ਸਾਹਿਬ ਨੇ ਗੁਰਮੁਖੀ ਲਿਪੀ ਵਿੱਚ ਰਾਗ ਆਸਾ ਦੀ ਪਟੀ ਲਿਖੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 432 ਉੱਤੇ ਸੁਭਾਇਮਾਨ ਹੈ। ਇਸ ਪਟੀ ਦੇ ਅੱਖਰ ਵੀ ਪੈਂਤੀ ਹੀ ਹਨ, ਪਰ ਸ਼ੁਰੂ ਸਸੈ ਤੋਂ ਹੁੰਦੀ ਹੈ, ਭਾਵ "ਸਸੈ ਸੋਇ ਸ੍ਰਿਸਟ ਜਿਨਿ ਸਾਜੀ, ਸਭਨਾ ਸਾਹਿਬੁ ਏਕੁ ਭਇਆ।। ਸੇਵਤ ਰਹੇ ਚਿਤੁ ਜਿਨ ਕਾ ਲਾਗਾ, ਆਇਆ ਤਿਨਕਾ ਸਫਲ ਭਇਆ (ਪੰਨਾ 432) ਗੁਰੂ ਨਾਨਕ ਸਾਹਿਬ ਨੇ ਜਿਸ ਪੋਥੀ ਵਿੱਚ ਆਪਣੀ ਤੇ ਭਗਤਾਂ ਦੀ ਬਾਣੀ ਲਿਖ ਕੇ ਸਾਂਭੀ ਸੀ, ਉਹ ਪੋਥੀ ਗੁਰੂ ਅੰਗਦ ਸਾਹਿਬ ਨੂੰ ਸੌਂਪ ਦਿੱਤੀ ਸੀ। ਗੁਰੂ ਅੰਗਦ ਸਾਹਿਬ ਜੀ ਨੇ ਜਦੋਂ ਸਿੱਖਾਂ ਨੂੰ ਗੁਰਮੁਖੀ ਪੜ੍ਹਾਉਣ ਲਈ ਗੁਰਮੁਖੀ ਦੇ ਕਾਇਦੇ ਲਿਖਵਾਉਣੇ ਸ਼ੁਰੂ ਕੀਤੇ ਤਾਂ ਗੁਰਮੁਖੀ ਦੇ ਪੈਂਤੀ ਅੱਖਰਾਂ ਨੂੰ ਤਰਤੀਬ ਦੇਣ ਲਈ, ਸਸੈ ਦੀ ਥਾਂ ਊੜੇ ਤੋਂ ਸ਼ੁਰੂਆਤ ਕੀਤੀ। ਅੱਖਰ ਉਹੀ ਪੈਂਤੀ ਹਨ ਜਿਨ੍ਹਾਂ ਦੀ ਵਰਤੋਂ ਗੁਰੂ ਨਾਨਕ ਸਾਹਿਬ ਨੇ ਰਾਗ ਆਸਾ ਦੀ ਪਟੀ ਵਿੱਚ ਕੀਤੀ ਹੈ।
 "ਗੁਰਮਤਿ" ਗੁਰਮੁਖੀ ਦੇ ਸ਼ਬਦਾਰਥ ਵਿੱਚੋਂ ਆਪਣੇ ਅਰਥ ਪ੍ਰਗਟ ਕਰਦੀ ਹੈ। ਸੰਸਕ੍ਰਿਤ, ਹਿੰਦੀ, ਫਾਰਸੀ-ਅਰਬੀ, ਇੰਗਲਿਸ਼ ਜਾਂ ਪੰਜਾਬੀ ਵਿੱਚੋਂ ਨਹੀਂ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਨਿਰਵਿਵਾਦ ਰੂਪ ਵਿੱਚ ਗੁਰਮੁਖੀ ਹੈ, ਸੰਸਕ੍ਰਿਤ, ਹਿੰਦੀ-ਫਾਰਸੀ-ਅਰਬੀ ਇੰਗਲਿਸ਼ ਜਾਂ ਪੰਜਾਬੀ ਨਹੀਂ। ਹਾਂ ਇਨ੍ਹਾਂ ਭਾਸ਼ਾਵਾਂ ਸਮੇਤ ਹੋਰ ਕਈ ਭਾਸ਼ਾਵਾਂ ਦੇ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਹਨ, ਪਰ ਉਨ੍ਹਾਂ ਦੇ ਅਰਥ ਉਹ ਨਹੀਂ ਲਏ ਗਏ ਹਨ, ਜਿਹੜੇ ਉਸ ਸ਼ਬਦ ਦੇ ਮੂਲ ਭਾਸ਼ਾ ਵਿੱਚ ਸਨ, ਸਗੋਂ ਨਵੇਂ ਅਰਥ ਪ੍ਰਦਾਨ ਕਰਕੇ ਉਸ ਸ਼ਬਦ ਨੂੰ ਨਵੀਂ ਭਾਸ਼ਾ ਦਾ ਅਨਿੱਖੜਵਾਂ ਅੰਗ ਬਣਾ ਲਿਆ ਗਿਆ ਹੈ ਤੇ ਉਸ ਦਾ ਪਿੱਛੋਕੜ 'ਸਿੱਖੀ ਦੇ ਮੂਲ ਨਿਯਮ ਪਿਛਲਾ ਸਭ ਨਾਸ਼ ਤੇ ਅਗਲਾ ਸਭ 'ਅਕਾਲ' ਨਾਲ ਜੋੜ ਲਿਆ ਜਾਂਦਾ ਹੈ। ਇਸ ਲਈ ਜਿਸ ਧਰਮ ਦੇ ਸਬੰਧ ਵਿੱਚ ਮਾਮਲਾ ਨਜਿੱਠਣਾ ਹੋਵੇ ਉਸ ਧਰਮ ਦੀ ਪਰਿਭਾਸ਼ਕ ਸ਼ਬਦਾਵਲੀ (Terminology) ਵਿੱਚ ਹੀ ਮਾਮਲੇ ਦੀਆਂ ਬਰੀਕੀਆਂ, ਸਿਧਾਂਤ, ਸੰਕਲਪ, ਸੱਭਿਅਤਾ, ਪਰੰਪਰਾਵਾਂ, ਸੰਸਕਾਰ, ਵਿਸ਼ਵਾਸ ਅਤੇ ਨਿਸ਼ਚੇ ਨੂੰ ਸਮਝਿਆ ਜਾ ਸਕਦਾ ਹੈ। ਟੈਸਟ ਟਿਊਬ ਵਿੱਚ ਪੈਦਾ ਕੀਤੇ ਬੱਚੇ ਦੀ ਮਾਂ ਦੀ ਕੁੱਖ ਨਾਲ ਕੋਈ ਸਾਂਝ ਨਹੀਂ ਹੁੰਦੀ। ਉਵੇਂ ਹੀ ਗੁਰਮਤਿ ਅਤੇ ਸਿੱਖੀ ਨਾਲ ਕੀਤਾ ਜਾ ਰਿਹਾ ਹੈ। ਹਵਾਲਾ ਪੁਸਤਕ, "ਅਕਾਲ ਤੇ ਸਿੱਖ ਦੋਵੇਂ ਕੇਸਾਧਾਰੀ ਹਨ") ਸਫ਼ਾ 42, ਗੁਰਮੁਖੀ ਉਰਫ ਪੰਜਾਬੀ ਦਾ ਵਿਸ਼ਲੇਸ਼ਣ ਵੀ ਉਕਤ ਪੈਰੇ ਨੂੰ ਆਧਾਰ ਬਣਾ ਕੇ ਕੀਤਾ ਜਾ ਸਕਦਾ ਹੈ। ਕਿਉਂਕਿ ਪੰਜਾਬੀ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ਵਿੱਚ ਵੀ ਅੰਤਰ ਹੈ। ਪੰਜਾਬੀ ਸੱਭਿਆਚਾਰ ਦਾ ਅਰਥ ਹੈ, ਪੰਜਾਬੀ ਭਾਸ਼ਾ ਬੋਲਣ ਵਾਲਿਆਂ ਜਾਂ ਪੰਜਾਬ ਸੂਬੇ ਦੇ ਵਾਸੀਆਂ ਦਾ ਰਹਿਣ ਸਹਿਣ, ਖਾਣ-ਪੀਣ, ਕਿਰਤ ਵਿਰਤ, ਰਸਮ-ਰਿਵਾਜ਼ ਆਦਿ। ਸਿੱਖ ਮੂਲ ਰੂਪ ਵਿੱਚ ਪੰਜਾਬ ਦੇ ਵਾਸੀ ਹੋਣ ਕਾਰਨ ਪੰਜਾਬ ਦਾ ਮੁੱਖ ਅੰਗ ਹਨ। (ਪਰ ਹੁਣ ਤਾਂ ਪੰਜਾਬ ਅਤੇ ਪੰਜਾਬੀ ਵਿੱਚੋਂ ਸਿੱਖ ਸ਼ਬਦ ਹੀ ਮਨਫ਼ੀ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ) ਸਿੱਖਾਂ ਤੋਂ ਇਲਾਵਾ ਪੰਜਾਬ ਵਿੱਚ ਦੂਜੇ ਫਿਰਕਿਆਂ ਦੇ ਲੋਕ (ਹਿੰਦੂ, ਮੁਸਲਮਾਨ, ਈਸਾਈ ਆਦਿ) ਵੀ ਰਹਿੰਦੇ ਹਨ, ਜਿਹੜੇ ਆਪੋ ਆਪਣੇ ਧਰਮ ਅਨੁਸਾਰ ਪੂਜਾ ਪਾਠ ਕਰਦੇ, ਆਪੋ ਆਪਣੀਆਂ ਰੀਤਾਂ ਰਸਮਾਂ ਨੂੰ ਮੰਨਦੇ ਅਤੇ ਆਪਣੇ ਨਿਰਬਾਹ ਲਈ ਕਿਰਤ ਵਿਰਤ ਕਰਦੇ ਹਨ। "ਸਾਰੇ ਪੰਜਾਬ ਵਾਸੀਆਂ ਵਿੱਚ ਪੰਜਾਬੀ ਬੋਲੀ ਇਕ ਸਾਂਝੀ ਕੜੀ ਹੈ। ਸਿੱਖ ਇਕ ਵੱਖਰੀ ਕੌਮ ਹੈ। ਸਿੱਖ ਨਿਰਧਾਰਤ ਰਹਿਤ ਮਰਿਯਾਦਾ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਦਾ ਜਨਮ ਤੇ ਨਾਮ ਸੰਸਕਾਰ, ਅੰਮ੍ਰਿਤ ਸੰਸਕਾਰ, ਅਨੰਦ ਸੰਸਕਾਰ, ਮ੍ਰਿਤਕ ਸੰਸਕਾਰ ਅਤੇ ਹੋਰ ਰਹੁ-ਰੀਤਾਂ ਬਾਕੀ ਫਿਰਕਿਆਂ ਨਾਲੋਂ ਭਿੰਨ ਹਨ। ਗੁਰ ਸਿੱਖਾਂ ਦੀ ਸਾਬਤ ਸੂਰਤ ਤੇ ਪੰਜ ਕਕਾਰਾਂ ਵਾਲੀ ਰਹਿਤ ਉਨ੍ਹਾਂ ਦੇ ਵੱਖਰੇ ਸੱਭਿਆਚਾਰ ਨੂੰ ਪ੍ਰਗਟਾਉਂਦੀ ਹੈ। ਇਹ ਸਿੱਖਾਂ ਦੀ ਦਿੱਖ ਨੂੰ ਨਿਆਰਾਪਣ ਵੀ ਪ੍ਰਦਾਨ ਕਰਦੀਆਂ ਹਨ।
 ਸਿੱਖਾਂ ਦੇ ਗੁਰਦੁਆਰਿਆਂ ਵਿੱਚ ਸੰਗਤ ਤੇ ਪੰਗਤ ਦੀ ਨਿਰਾਲੀ ਸ਼ਾਨ ਹੈ," ਹੁਣ ਜਦੋਂ ਪੰਜਾਬੀ ਭਾਸ਼ਾ ਬਾਰੇ ਹੋ ਰਹੇ ਸਮਾਗਮ ਦੇ ਇਸ਼ਤਿਹਾਰ ਵਿੱਚ ਇਹ ਪੜ੍ਹਦੇ ਹਾਂ, ਕਿ "ਇਹ ਲੇਖਾ ਜੋਖਾ ਕੀਤਾ ਜਾਵੇਗਾ ਕਿ ਅੱਜ ਦੇ ਸਮੇਂ ਵਿੱਚ 'ਸਿੱਖ' ਅਥਵਾ 'ਪੰਜਾਬੀ ਕੌਮ' ਕਿਸ ਮੁਕਾਮ 'ਤੇ ਅਪੜੀ ਹੈ ਤਾਂ ਗੰਭੀਰ ਚਿੰਤਨ ਦਾ ਵਿਸ਼ਾ ਬਣ ਜਾਂਦਾ ਹੈ, ਕਿਉਂਕਿ ਜੇ ਜਾਣੇ ਅਣਜਾਣੇ ਵਿੱਚ 'ਸਿੱਖ ਕੌਮ' ਦੀ ਥਾਂ 'ਪੰਜਾਬੀ ਕੌਮ' ਲਿਖਿਆ ਗਿਆ ਹੈ ਤਾਂ ਇਸ ਬਾਰੇ ਪੁਨਰ ਵਿਚਾਰ ਜਰੂਰ ਹੋਣੀ ਚਾਹੀਦੀ ਹੈ। ਕਿਉਂਕਿ ਗੁਰਮੁਖੀ ਲਿਪੀ ਵਿੱਚ ਲਿਖੀ ਪੰਜਾਬੀ ਦਾ ਗੁਰੂ ਨਾਨਕ ਦੀ ਸਿੱਖੀ ਨਾਲ ਨਹੁੰ ਮਾਸ ਦਾ ਰਿਸ਼ਤਾ ਹੈ। ਅੰਤ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਪੰਜਾਬ ਬਾਰੇ ਲਿਖੀ ਚਰਚਿਤ ਕਵਿਤਾ ਦੀਆਂ ਇਨ੍ਹਾਂ ਸਤਰਾਂ ਨਾਲ ਸਮਾਪਤੀ ਕਰਦਾ ਹਾਂ
'ਇਹ ਬ੍ਰੇਪਵਾਹ ਜੁਆਨ ਪੰਜਾਬ ਦੇ
ਮੌਤ ਨੂੰ ਮਖੌਲਾਂ ਕਰਨ,
ਮਰਨ ਥੀ ਨਹੀਂ ਡਰਦੇ
ਪਿਆਰ ਨਾਲ ਇਹ ਕਰਨ ਗੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ।
ਪਰ ਟੈਂ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੋਢੇ 'ਤੇ ਉਲਾਰਕੇ।
ਮੰਨਣ ਬੱਸ ਇਕ
ਆਪਣੀ ਜੁਆਨੀ ਦੇ ਜ਼ੋਰ ਨੂੰ,
ਅਖੜਖਾਂਦ ਅਲਬੇਲੇ,
ਧੁਰ ਥੀਂ ਸਤਿਗੁਰਾਂ ਦੇ,
ਅਜਾਦ ਕੀਤੇ ਇਹ ਬੰਦੇ।
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ 'ਤੇ।
  ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਲਿਖਿਆ ਗਿਆ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ।


ਲੇਖਕ - ਜਥੇਦਾਰ ਮਹਿੰਦਰ ਸਿੰਘ ਖਹਿਰਾ ਕਵੈਂਟਰੀ

ਮੋ:07989 927477