image caption:

ਸ਼੍ਰੋਮਣੀ ਅਕਾਲੀ ਦਲ ਦੇ ਪੰਜ ਉਮੀਦਵਾਰ ਤੈਅ, ਬਾਕੀ ਪੰਜਾਂ ਬਾਰੇ ਫੈਸਲਾ ਸੁਖਬੀਰ ਹੱਥ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਇੱਕ-ਇੱਕ ਕਰਕੇ ਉਮੀਦਵਾਰ ਐਲਾਣਨੇ ਸ਼ੁਰੂ ਕਰ ਦਿੱਤੇ ਹਨ। ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਦਾ ਐਲਾਨ ਕਰਨ ਮਗਰੋਂ ਅਕਾਲੀ ਦਲ ਨੇ ਤਿੰਨ ਹੋਰ ਉਮੀਦਵਾਰਾਂ ਦੇ ਨਾਂ 'ਤੇ ਮੋਹਰ ਲਾ ਦਿੱਤੀ ਹੈ। ਇਨ੍ਹਾਂ ਵਿੱਚ ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ, ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਸ਼ਾਮਲ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 10 ਉੱਪਰ ਚੋਣ ਲੜਨੀ ਹੈ। ਇਨ੍ਹਾਂ ਵਿੱਚ ਚਾਰ ਉਮੀਦਵਾਰ ਐਲਾਨ ਦਿੱਤੇ ਹਨ। ਪੰਜਵੀਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਹਨ ਪਰ ਉਹ ਮੌਜੂਦਾ ਹਲਕੇ ਬਠਿੰਡਾ ਤੋਂ ਚੋਣ ਲੜਣਗੇ ਜਾਂ ਫਿਰ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਉਤਾਰਿਆ ਜਾਵੇਗਾ, ਇਸ ਦਾ ਫੈਸਲਾ ਅਜੇ ਬਾਕੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਹਫਤੇ ਦੇ ਅੰਦਰ ਸਾਰੀ ਤਸਵੀਰ ਸਾਫ ਹੋ ਜਾਏਗੀ।
ਇਸ ਤਰ੍ਹਾਂ ਅਕਾਲੀ ਦਲ ਦੇ ਪੰਜ ਉਮੀਦਵਾਰਾਂ ਦੀ ਚੋਣ ਬਾਕੀ ਹੈ। ਬੁੱਧਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਅਗਲੇ ਉਮੀਦਵਾਰਾਂ ਦੇ ਐਲਾਨ ਬਾਰੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਦੇ ਦਿੱਤੇ ਗਏ ਹਨ। ਹੁਣ ਸੁਖਬੀਰ ਬਾਦਲ ਲਈ ਸੰਗਰੂਰ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਲੁਧਿਆਣਾ ਤੇ ਫਰੀਦਕੋਟ ਤੋਂ ਧੜੱਲੇਦਾਰ ਉਮੀਦਵਾਰ ਲੱਭਣ ਲਈ ਮੁਸ਼ੱਕਤ ਕਰਨੀ ਪਏਗੀ।
ਸੰਗਰੂਰ ਤੋਂ ਢੀਂਡਸਾ ਪਰਿਵਾਰ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਗੁਬਾਇਆ ਕਾਂਗਰਸ ਵਿੱਚ ਚਲੇ ਗਏ ਹਨ। ਇਸ ਲਈ ਇਨ੍ਹਾਂ ਸੀਟਾਂ 'ਤੇ ਅਕਾਲੀ ਦਲ ਕਸੂਤਾ ਘਿਰ ਗਿਆ ਹੈ। ਇਸ ਤੋਂ ਇਲਾਵਾ ਫਰੀਦਕੋਟ ਤੇ ਫਤਹਿਗੜ੍ਹ ਸਾਹਿਬ ਤੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਜੇਤੂ ਰਹੀ ਸੀ। ਬੇਸ਼ੱਕ ਆਮ ਆਦਮੀ ਪਾਰਟੀ ਵੀ ਇਸ ਵੇਲੇ ਸੰਕਟ ਦਾ ਸ਼ਿਕਾਰ ਹੈ ਪਰ ਇਸ ਦਾ ਲਾਹਾ ਅਕਾਲੀ ਨੂੰ ਕਿੰਨਾ ਮਿਲਦਾ ਹੈ, ਇਹ ਉਮੀਦਵਾਰ ਦੀ ਚੋਣ ਉੱਪਰ ਹੀ ਨਿਰਭਰ ਕਰੇਗਾ। ਲੁਧਿਆਣਾ ਸੀਟ ਤੋਂ ਇਸ ਵੇਲੇ ਕਾਂਗਰਸ ਕੋਲ ਹੈ। ਇਸ ਨੂੰ ਵੀ ਅਕਾਲੀ ਦਲ ਦੇ ਖਾਤੇ ਪਾਉਣਾ ਕਾਫੀ ਔਖਾ ਹੈ।