image caption:

ਫਾਜ਼ਿਲਕਾ ਦੇ ਚੌਲ ਵਪਾਰੀਆਂ ਨਾਲ 71 ਲੱਖ ਦੀ ਠੱਗੀ

ਅੰਮ੍ਰਿਤਸਰ- ਜਿ਼ਲਾਾ ਫਾਜ਼ਿਲਕਾ ਦੇ ਜਲਾਲਾਬਾਦ ਸ਼ਹਿਰ ਦੇ ਚੌਲ ਵਪਾਰੀਆਂ ਨਾਲ ਫੌਜ ਦੇ ਇੱਕ ਸਾਬਕਾ ਕੈਪਟਨ ਜੀ ਐੱਸ ਘੁੰਮਣ ਅਤੇ ਉਸ ਦੀ ਬੇਟੀ ਨੇ ਲੱਖਾਂ ਰੁਪਏ ਦੀ ਧੋਖਾਧੜੀ ਕਰ ਲਈ ਹੈ।
ਅੰਮ੍ਰਿਤਸਰ ਦੇ ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਇਸ ਕੇਸ ਦੀ ਜਾਂਚ ਸ਼ੁਰੂ ਕੀਤੀ ਹੈ। ਚੌਲਾਂ ਦੇ ਵਪਾਰੀ ਬਲਦੇਵ ਰਾਜ ਵਾਸੀ ਦਸਮੇਸ਼ ਐਵੇਨਿਊ ਜਲਾਲਾਬਾਦ, ਫਾਜ਼ਿਲਕਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਜਲਾਲਾਬਾਦ ਵਿੱਚ ਐੱਮ ਐੱਲ ਟ੍ਰੇਡਿੰਗ ਕੰਪਨੀ ਹੈ। ਕੈਪਟਨ ਜੀ ਐੱਸ ਘੁੰਮਣ, ਵਾਸੀ ਸੈਕਟਰ-6 ਬੈਕ ਸਾਈਡ ਪਾਰਕ ਪੰਚਕੂਲਾ, ਹਰਿਆਣਾ ਨੇ ਉਨ੍ਹਾਂ ਤੱਕ ਪਹੁੰਚ ਕਰ ਕੇ ਕਿਹਾ ਕਿ ਉਹ ਮੈਸਰਜ਼ ਜੇ ਆਰ ਐੱਸ ਜੀ ਜਨਰਲ ਆਰਡਰ ਸਪਲਾਇਰ ਪ੍ਰਾਈਵੇਟ ਲਿਮਟਿਡ ਕੰਪਨੀ ਚਲਾਉਂਦੇ ਹਨ। ਉਨ੍ਹਾਂ ਦੀ ਕੰਪਨੀ ਕੋਲ ਅੰਮ੍ਰਿਤਸਰ ਤੇ ਪੰਚਕੂਲਾ ਦਾ ਲਾਇਸੈਂਸ ਹੈ। 2015 ਵਿੱਚ ਕੈਪਟਨ ਘੰੁਮਣ ਅਤੇ ਉਨ੍ਹਾਂ ਦੀ ਬੇਟੀ ਰੁਬੀਨਾ ਘੁੰਮਣ ਨੇ ਕਿਹਾ ਕਿ ਉਹ ਫੌਜ ਨੂੰ ਚੌਲ ਸਪਲਾਈ ਕਰਦੇ ਹਨ। ਉਨ੍ਹਾਂ ਸਾਂਝਾ ਕਾਰੋਬਾਰ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਇਲਾਵਾ ਦੋ ਹੋਰ ਚੌਲ ਵਪਾਰੀਆਂ ਨੇ ਵੀ ਕੈਪਟਨ ਨਾਲ ਵਪਾਰ ਸ਼ੁਰੂ ਕਰ ਲਿਆ। ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਚੌਲਾਂ ਦੀ ਸਪਲਾਈ ਸ਼ੁਰੂ ਕੀਤੀ ਸੀ। ਐੱਮ ਐੱਲ ਟ੍ਰੇਡਿੰਗ ਕੰਪਨੀ ਵੱਲੋਂ 9,77,477 ਰੁਪਏ ਦਾ ਮਾਲ, ਸੂਰਿਆ ਟ੍ਰੇਡਿੰਗ ਕੰਪਨੀ ਜਲਾਲਾਬਾਦ ਵੱਲੋਂ 8,74,950 ਅਤੇ ਇੱਕ ਹੋਰ ਫਰਮ ਨੇ ਲੱਖਾਂ ਦਾ ਮਾਲ ਭੇਜਿਆ। ਕੁੱਲ 51,83,857 ਰੁਪਏ ਦਾ ਮਾਲ ਸਪਲਾਈ ਕੀਤਾ ਗਿਆ। ਕੈਪਟਨ ਨੇ ਸਾਰੇ ਬਿੱਲ ਰਿਸੀਵ ਕੀਤੇ ਅਤੇ ਕੇਵਲ ਐੱਮ ਐੱਲ ਟ੍ਰੇਡਿੰਗ ਕੰਪਨੀ ਦੇ ਨਾਂਅ 'ਤੇ ਨੌਂ ਲੱਖ 77 ਹਜ਼ਾਰ ਦਾ ਚੈੱਕ ਦਿੱਤਾ, ਪਰ ਇਹ ਵੀ ਬਾਊਂਸ ਹੋ ਗਿਆ। ਇਸ ਦੇ ਬਿਨਾਂ ਕੁਝ ਹੋਰ ਫਰਮਾਂ ਦਾ ਮਾਲ ਵੀ ਸੀ, ਜਿਸ ਵਿੱਚੋਂ ਤਿੰਨ ਫਰਮਾਂ ਨਾਲ ਕੁੱਲ 71 ਲੱਖ ਦੀ ਠੱਗੀ ਕੀਤੀ ਗਈ ਹੈ। ਉਹ ਕੈਪਟਨ ਘੁੰਮਣ ਨੂੰ ਮਿਲਣ ਲਈ ਉਸ ਦੇ ਪੰਚਕੂਲਾ ਦਫਤਰ ਗਏ ਤਾਂ ਕੈਪਟਨ ਉਨ੍ਹਾਂ ਨੂੰ ਨਹੀਂ ਮਿਲਿਆ। ਉਨ੍ਹਾਂ ਨੇ ਸਾਰਾ ਮਾਲ ਅੰਮ੍ਰਿਤਸਰ ਦੀ ਤਰਨ ਤਾਰਨ ਰੋਡ 'ਤੇ ਭੇਜਿਆ ਸੀ, ਇਸ ਲਈ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ। 18 ਸਤੰਬਰ 2017 ਨੂੰ ਕੀਤੀ ਸ਼ਿਕਾਇਤ 'ਤੇ ਡੇਢ ਸਾਲ ਜਾਂਚ ਦੇ ਬਾਅਦ ਥਾਣਾ ਸੀ-ਡਵੀਜ਼ਨ ਵਿੱਚ ਕੇਸ ਦਰਜ ਕੀਤਾ ਹੈ।