image caption:

18 ਸਾਲਾ ਸਾਈਕਲਿਸਟ ਨੇ ਨੌਂ ਮਹੀਨੇ ਵਿੱਚ 20 ਦੇਸ਼ਾਂ ਦੇ ਸਫਰ ਨਾਲ ਵਰਲਡ ਰਿਕਾਰਡ ਬਣਾਇਆ

ਲੰਡਨ- ਬ੍ਰਿਟੇਨ ਦੇ 18 ਸਾਲ ਦੇ ਚਾਰਲੀ ਕਾਨਡੇਲ ਨੇ ਨੌਂ ਮਹੀਨੇ ਵਿੱਚ 20 ਦੇਸ਼ਾਂ ਦਾ ਸਫਰ ਕਰ ਕੇ ਵਰਲਡ ਰਿਕਾਰਡ ਬਣਾ ਦਿੱਤਾ ਹੈ। ਸਾਇਕਲ 'ਤੇ ਵਰਲਡ ਟੂਰ ਦੌਰਾਨ 29 ਹਜ਼ਾਰ ਕਿਲੋਮੀਟਰ ਸਫਰ ਪੂਰਾ ਕੀਤਾ ਹੈ। ਏਦਾਂ ਕਰਨ ਵਾਲੇ ਉਹ ਸਭ ਤੋਂ ਘੱਟ ਉਮਰ ਦੇ ਨੌਜਵਾਨ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਲੰਡਨ ਦੇ 19 ਸਾਲ ਦੇ ਟਾਮ ਡੇਵਿਸ ਦੇ ਨਾਂਅ ਸੀ।
ਲੰਡਨ ਦੇ ਚਾਰਲੀ ਨੇ ਛੇ ਜੁਲਾਈ 2018 ਨੂੰ ਸਫਰ ਸ਼ੁਰੂ ਕੀਤਾ ਸੀ। ਉਹ ਏਸ਼ੀਆ, ਯੂਰਪ, ਆਸਟਰੇਲੀਆ ਅਤੇ ਅਮਰੀਕਾ ਦੇ 20 ਦੇਸ਼ਾਂ ਦਾ ਚੱਕਰ ਲਾ ਚੁੱਕੇ ਹਨ। ਸ਼ੁਰੂ ਵਿੱਚ ਚਾਰਲੀ ਕੇਵਲ ਯੂਰਪ ਦੀ 10 ਹਜ਼ਾਰ ਕਿਲੋਮੀਟਰ ਯਾਤਰਾ ਕਰਨਾ ਚਾਹੰੁਦੇ ਸਨ, ਪਰ ਅਖੀਰ ਵਿੱਚ 29 ਹਜ਼ਾਰ ਕਿਲੋਮੀਟਰ ਟੂਰ ਵਿੱਚ ਬਦਲ ਗਈ। ਇੰਨੀ ਦੂਰੀ 26 ਵਾਰ ਮਾਊਂਟ ਐਵਰੈਸਟ ਚੜ੍ਹਨ ਦੇ ਬਰਾਬਰ ਹੈ। ਚਾਰਲੀ ਅਕਤੂਬਰ 2018 ਨੂੰ ਪਹਿਲੀ ਵਾਰ ਚਰਚਾ ਵਿੱਚ ਆਏ ਸਨ, ਜਦ ਯਾਤਰਾ ਦੌਰਾਨ ਹੀ ਆਸਟਰੇਲੀਆ ਵਿੱਚ ਉਨ੍ਹਾਂ ਦੀ ਸਾਇਕਲ ਅਤੇ ਸਾਮਾਨ ਚੋਰੀ ਹੋ ਗਿਆ ਸੀ। ਸਾਇਕਲ ਵਿੱਚ ਲੱਗੇ ਬੈਗ ਵਿੱਚ ਪਾਸਪੋਰਟ ਸਮੇਤ ਕਾਫੀ ਸਾਮਾਨ ਸੀ, ਜਿਸ ਦੀ ਕੀਮਤ ਸਾਢੇ ਤਿੰਨ ਲੱਖ ਰੁਪਏ ਤੋਂ ਵੱਧ ਸੀ। ਚਾਰਲੀ ਨੇ ਕਿਹਾ, ਸਾਮਾਨ ਚੋਰੀ ਹੋਣ ਦੀ ਗੱਲ ਜਦ ਸਥਾਨਕ ਲੋਕਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਦੂਸਰੀ ਸਾਇਕਲ ਅਤੇ ਜ਼ਰੂਰੀ ਕੱਪੜੇ ਲੈ ਕੇ ਦਿੱਤੇ। ਚਾਰਲੀ ਨੇ ਕਰਾਊਡਫੰਡਿੰਗ ਦੇ ਜ਼ਰੀਏ ਪੈਸੇ ਵੀ ਇਕੱਠੇ ਕੀਤੇ, ਤਾਂ ਕਿ ਉਹ ਖਰਚ ਉਠਾ ਸਕਣ।