image caption:

ਟਰੰਪ ਦੇ ਸਾਬਕਾ ਸਹਿਯੋਗੀ ਮੈਨਫੋਰਟ ਨੂੰ 43 ਮਹੀਨੇ ਹੋਰ ਕੈਦ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਕਮੇਟੀ ਦੇ ਸਾਬਕਾ ਮੁਖੀ ਪਾਲ ਮੈਨਫੋਰਟ ਨੂੰ ਸਾਜ਼ਿਸ਼ ਤੇ ਸਬੂਤਾਂ ਨਾਲ ਛੇੜਛਾੜ ਦੇ ਦੋਸ਼ ਵਿੱਚ ਹੋਰ 43 ਮਹੀਨੇ ਕੈਦ ਸੁਣਾਈ ਗਈ ਹੈ। ਟੈਕਸ ਅਤੇ ਬੈਂਕ ਫ੍ਰਾਡ ਦੇ ਮਾਮਲੇ ਵਿੱਚ ਮੈਨਫੋਰਟ ਨੂੰ ਪਹਿਲਾਂ 47 ਮਹੀਨੇ ਕੈਦ ਦੀ ਸਜ਼ਾ ਹੋ ਚੁੱਕੀ ਹੈ।
ਅਮਰੀਕੀ ਡਿਸਟਿ੍ਰਕਟ ਕੋਰਟ ਜੱਜ ਐਮੀ ਬੇਰਮੈਨ ਜੈਕਸਨ ਨੇ ਖਚਾਖਚ ਭਰੀ ਅਦਾਲਤ ਵਿੱਚ ਫੈਸਲਾ ਦਿੱਤਾ ਅਤੇ ਕਿਹਾ, ਦੋਸ਼ੀ ਲੋਕਾਂ ਦਾ ਦੁਸ਼ਮਣ ਨੰਬਰ ਵਨ ਨਹੀਂ, ਪਰ ਉਹ ਪੀੜਤ ਵੀ ਨਹੀਂ। ਜੱਜ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਲਈ ਲਾਮਬੰਦੀ ਕਰਨ ਵਾਲੇ ਅਤੇ ਸਿਆਸੀ ਸਲਾਹਕਾਰ ਨੇ ਆਪਣੇ ਕੀਤੇ 'ਤੇ ਕਦੇ ਅਫਸੋਸ ਨਹੀਂ ਕੀਤਾ ਅਤੇ ਵਾਰ-ਵਾਰ ਝੂਠ ਬੋਲਦੇ ਰਿਹਾ। ਸਾਲ 2015 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਖਲ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਸਪੈਸ਼ਲ ਕੌਂਸਲ ਰਾਬਰਟ ਮਿਊਲਰ ਦੇ ਸਾਹਮਣੇ ਵੀ ਮੈਨਫੋਰਟ ਦਾ ਕੇਸ ਪ੍ਰਮੁੱਖ ਹੈ। ਜੱਜ ਨੇ ਸਾਫ ਕਿਹਾ ਕਿ ਇਸ ਕੇਸ ਦਾ 2016 ਦੀਆਂ ਚੋਣਾਂ ਸੰਬੰਧੀ ਮਾਮਲੇ ਨਾਲ ਕੋਈ ਸੰਬੰਧ ਨਹੀਂ, ਇਸ ਦਾ ਸੰਬੰਧ ਰੂਸ ਪੱਖੀ ਯੂਕਰੇਨ ਦੇ ਨੇਤਾਵਾਂ ਨੂੰ ਉਨ੍ਹਾਂ ਵੱਲੋਂ ਦਿੱਤੀ ਗਈ ਸਿਆਸੀ ਸਲਾਹ ਅਤੇ ਲਾਮਬੰਦੀ ਨਾਲ ਜੁੜਿਆ ਹੈ। ਸਜ਼ਾ ਸੁਣਾਏ ਸਮੇਂ ਮੈਨਫੋਰਟ ਅਦਾਲਤ ਵਿੱਚ ਮੌਜੂਦ ਸਨ। ਉਹ ਵ੍ਹੀਲਚੇਅਰ 'ਤੇ ਕੋਰਟ ਪਹੁੰਚੇ ਸਨ। ਉਨ੍ਹਾਂ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਮੁਆਫੀ ਮੰਗੀ ਅਤੇ ਆਪਣੇ ਕੀਤੇ 'ਤੇ ਪਛਤਾਵਾ ਵੀ ਕੀਤਾ। ਉਨ੍ਹਾਂ ਨੇ ਜੱਜ ਨੂੰ ਹੋਰ ਸਜ਼ਾ ਨਾ ਦੇਣ ਦੀ ਅਪੀਲ ਕੀਤੀ, ਪ੍ਰੰਤੂ ਜੱਜ ਨੇ ਕਿਹਾ ਕਿ ਗੁਨਾਹ ਕਰਨ ਦੇ ਬਾਅਦ ਸੌਰੀ ਕਹਿ ਦੇਣਾ ਕੋਈ ਹੱਲ ਨਹੀਂ। ਉਨ੍ਹਾਂ ਵਾਰ-ਵਾਰ ਜਾਣਬੁੱਝ ਕੇ ਝੂਠ ਬੋਲਿਆ। ਧਨ ਵਿੱਚ ਹੇਰਾਫੇਰੀ ਕਰਨ ਦੇ ਲਈ ਸਾਜ਼ਿਸ ਰਚੀ ਅਤੇ ਸਬੂਤਾਂ ਨਾਲ ਛੇੜਛਾੜ ਕੀਤੀ। ਇਸ ਲਈ ਸਜ਼ਾ ਦੇ ਹੱਕਦਾਰ ਹਨ।
ਇੱਕ ਹੋਰ ਕੇਸ ਵਿੱਚ ਮੈਨਫੋਰਟ ਨੂੰ ਪਿਛਲੇ ਹਫਤੇ ਇੱਕ ਹੋਰ ਅਦਾਲਤ ਨੇ 47 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਕੱਲ ਨੱਬੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਪਰੰਤੂ ਨੌਂ ਮਹੀਨੇ ਉਹ ਪਹਿਲਾਂ ਹੀ ਜੇਲ੍ਹ ਵਿੱਚ ਗੁਜ਼ਾਰ ਚੁੱਕੇ ਹਨ, ਇਸ ਲਈ ਮੈਨਫੋਰਟ ਨੂੰ ਸਿਰਫ 81 ਮਹੀਨੇ ਹੀ ਜੇਲ੍ਹ ਵਿੱਚ ਬਿਤਾਉਣੇ ਪੈਣਗੇ।