image caption:

ਚੋਣਾਂ ਵਿਚ ਡੇਰਾ ਪ੍ਰੇਮੀਆਂ ਦੀ ਖਾਮੋਸ਼ੀ ਸਾਰੀ ਪਾਰਟੀਆਂ ਨੂੰ ਪੈ ਸਕਦੀ ਭਾਰੀ

ਚੰਡੀਗੜ੍ਹ-  ਪੰਜਾਬ ਦੀ ਸਿਆਸਤ ਵਿਚ 1998 ਤੋਂ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਲੋਕ ਸਭਾ ਚੋਣਾਂ ਨੂੰ ਲੈ ਕੇ ਖਾਮੋਸ਼ ਹਨ। ਉਨ੍ਹਾਂ ਦੀ ਇਹ ਖਾਮੋਸ਼ੀ ਸੂਬੇ ਵਿਚ ਚੋਣਾਂ ਦੇ ਨਤੀਜਿਆਂ ਵਿਚ ਉਲਟ ਫੇਰ ਦੇ ਸੰਕੇਤ ਦੇਣ ਲੱਗੀ ਹੈ। ਡੇਰਾ ਪ੍ਰੇਮੀਆਂ ਤੋਂ ਮਿਲੇ ਸੰਕੇਤਾਂ ਦੇ ਅਨੁਸਾਰ, ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿੱਥੇ ਭਾਜਪਾ ਤੋਂ ਕਾਫੀ ਨਰਾਜ਼ ਹਨ, ਉਥੇ ਹੀ ਕਾਂਗਰਸ ਵਲੋਂ ਬੇਅਦਬੀ ਦੇ ਮਾਮਲਿਆਂ ਵਿਚ ਡੇਰੇ ਨੂੰ ਘਸੀਟਣ ਕਾਰਨ ਕਾਂਗਰਸ ਤੋਂ ਵੀ ਖਫ਼ਾ ਹਨ। ਉਨ੍ਹਾਂ ਦੀ ਨਰਾਜ਼ਗੀ ਆਮ ਆਦਮੀ ਪਾਰਟੀ ਨਾਲ ਵੀ ਹੈ, ਜਿਸ ਦੇ ਨੇਤਾ ਲਗਾਤਾਰ ਡੇਰੇ ਦੇ ਖ਼ਿਲਾਫ਼ ਬਿਆਨਬਾਜ਼ੀ ਕਰਦੇ ਰਹੇ ਹਨ।
ਖ਼ਬਰ ਇਹ ਵੀ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਵਿਚ ਹੋਣ ਕਾਰਨ ਡੇਰੇ ਦੇ ਸਿਆਸੀ ਵਿੰਗ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸੇ ਸਿਆਸੀ ਪਾਰਟੀ ਨੂੰ ਸਮਰਥਨ ਦਿੱਤੇ ਜਾਣ ਸਬੰਧੀ ਬਿਆਨ ਜਾਰੀ ਕਰਨ ਦੀ ਸੰਭਾਵਨਾਵਾਂ ਤੋਂ ਇਨਕਾਰ ਕਰ ਦਿੱਤਾ ਹੈ। ਇਸ ਵਾਰ ਡੇਰੇ ਵਲੋਂ ਇਹੀ ਨਿਰਦੇਸ਼ ਜਾਰੀ ਹੋਣਗੇ ਕਿ ਉਹ ਅਪਣੀ ਮਰਜ਼ੀ ਨਾਲ ਵੋਟ ਦਾ ਇਸਤੇਮਾਲ ਕਰਨ।
ਪੰਜਾਬ ਦੀ ਮਾਲਵਾ ਬੈਲਟ ਵਿਚ ਸਰਦਾਰੀ ਰੱਖਣ ਵਾਲੇ 33 ਲੱਖ ਤੋਂ ਜ਼ਿਆਦਾ ਡੇਰਾ ਪ੍ਰੇਮੀਆਂ ਦੀ ਨਰਾਜ਼ਗੀ ਇਸ ਵਾਰ ਸੂਬੇ ਦੇ ਕਿਸ ਸਿਆਸੀ ਦਲ 'ਤੇ ਭਾਰੀ ਪਵੇਗੀ, ਫਿਲਹਾਲ ਉਸ ਦਾ ਸਹੀ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਲੇਕਿਨ ਇਨ੍ਹਾਂ ਲੱਖਾਂ ਵੋਟਰਾਂ ਦੀ ਨਰਾਜ਼ਗੀ ਤਿੰਨਾਂ ਹੀ ਪ੍ਰਮੁੱਖ ਦਲਾਂ ਦੇ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ। 1998 ਵਿਚ ਡੇਰੇ ਵਲੋਂ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਸਮਰਥਨ ਦਿੱਤਾ ਗਿਆ ਸੀ। ਉਦੋਂ ਅਕਾਲੀ-ਭਾਜਪਾ ਗਠਜੋੜ ਕਈ ਸੀਟਾਂ ਜਿੱਤਿਆ ਅਤੇ ਪੰਜਾਬ ਤੋਂ ਕਾਂਗਰਸ ਦਾ ਸਫਾਇਆ ਹੋ ਗਿਆ।
ਡੇਰਾ ਸੱਚਾ ਸੌਦਾ ਦੀ ਪੰਜਾਬ ਵਿਚ ਸਾਲ 2016 ਦੀ ਵਿਧਾਨ ਸਭਾ ਚੋਣਾਂ ਵਿਚ ਨਿਭਾਈ ਗਈ ਭੂਮਿਕਾ 'ਤੇ ਨਜ਼ਰ ਮਾਰੀ ਜਾਵੇ ਤਾਂ ਡੇਰਾ ਸੱਚਾ ਸੌਦਾ ਦੁਆਰਾ ਅਕਾਲੀ-ਭਾਜਪਾ ਗਠਜੋੜ ਨੂੰ ਸਮਰਥਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਚੋਣ ਜਿੱਤ-ਹਾਰ ਦੇ ਸਾਰੇ ਸਮੀਕਰਣ ਬਦਲ ਗਏ ਸੀ। ਸਭ ਤੋਂ ਅੱਗੇ ਚਲ ਰਹੀ ਆਮ ਆਦਮੀ ਪਾਰਟੀ ਦੂਜੇ ਨੰਬਰ 'ਤੇ ਖਿਸਕ ਗਈ ਅਤੇ ਕਾਂਗਰਸ ਨੂੰ ਸੱਤਾ ਵਿਚ ਵਾਪਸੀ ਦਾ ਮੌਕਾ ਮਿਲ ਗਿਆ।
ਉਦੋਂ ਖ਼ਾਸ ਗੱਲ ਇਹ ਰਹੀ ਕਿ ਸਿੱਖਾਂ ਦੀ ਨਰਾਜ਼ਗੀ ਝੱਲ ਰਹੇ ਡੇਰਾ ਸੱਚਾ ਸੌਦਾ ਦੇ ਅਕਾਲੀ-ਭਾਜਪਾ ਦੇ ਨਾਲ ਜਾਣ ਦਾ  ਨੁਕਸਾਨ ਅਕਾਲੀ ਦਲ ਨੂੰ ਹੋਇਆ ਅਤੇ ਪੰਥਕ ਵੋਟ ਖਿਸਕ ਕੇ ਕਾਂਗਰਸ ਦੀ ਝੋਲੀ ਵਿਚ ਚਲੇ ਗਏ। ਦੂਜਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਇਆ, ਜਿਸ ਦੇ ਨਾਲ ਡੇਰੇ ਦੇ ਵੋਟਰ ਦਿਖਾਈ ਦੇ ਰਹੇ ਸੀ, ਲੇਕਿਨ ਆਖਰੀ ਸਮੇਂ ਵਿਚ ਪਲਟ ਕੇ ਅਕਾਲੀ-ਭਾਜਪਾ ਗਠਜੋੜ ਨਾਲ ਚਲੇ ਗਏ।
ਇਸ ਵਾਰ ਡੇਰਾ ਪ੍ਰੇਮੀ  ਭਾਜਪਾ  ਦੇ ਪ੍ਰਤੀ ਪੰਚਕੂਲਾ ਹਿੰਸਾ ਦੀ ਘਟਨਾ ਨੂੰ ਲੈ ਕੇ ਗੁੱਸੇ ਵਿਚ ਹਨ। ਇਸ ਦਾ ਸਿੱਧਾ ਖਮਿਆਜ਼ਾ ਅਕਾਲੀ ਦਲ ਨੂੰ ਗਠਜੋੜ ਦੇ ਚਲਦਿਆਂ ਭੁਗਤਣਾ ਹੋਵੇਗਾ। ਹਾਲਾਂਕਿ ਅਕਾਲੀ ਦਲ ਅਪਣੇ ਬਚਾਅ ਵਿਚ ਡੇਰਾ ਸੱਚਾ ਸੌਦਾ ਦਾ ਖੁਲ੍ਹ ਕੇ ਸਮਰਥਨ ਵੀ ਨਹੀਂ ਕਰ ਸਕਦਾ ਕਿਉਂਕਿ ਪੰਥਕ ਸੰਗਠਨ ਪਹਿਲਾਂ ਹੀ ਉਸ 'ਤੇ ਡੇਰਾ ਸੱਚਾ ਸੌਦਾ ਮੁਖੀ ਦੀ ਮੁਆਫ਼ੀ ਨੂੰ ਲੈ ਕੇ Îਨਿਸ਼ਾਨਾ ਬਣਾਉਂਦੇ ਰਹੇ ਹਨ।
ਡੇਰਾ ਪ੍ਰੇਮੀ ਕਾਂਗਰਸ ਤੋਂ ਇਸ ਲਈ ਨਰਾਜ਼ ਚਲ ਰਹੇ ਹਨ ਕਿ ਅਕਾਲੀਆਂ 'ਤੇ ਨਿਸ਼ਾਨਾ ਸਾਧਣ ਲਈ ਕਾਂਗਰਸ ਨੇ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਦੇ ਮਾਮਲਿਆਂ ਵਿਚ ਜਾਣ ਬੁੱਝ ਕੇ ਘਸੀਟ ਲਿਆ। ਇਸ ਸਬੰਧ ਵਿਚ ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਡੇਰੇ ਦਾ ਕੋਈ ਮੈਂਬਰ ਪਵਿੱਤਰ ਗ੍ਰੰਥ ਦੀ ਬੇਅਦਬੀ ਕਦੇ ਨਹੀਂ ਕਰ ਸਕਦਾ। ਆਮ ਆਦਮੀ ਪਾਰਟੀ ਨੂੰ ਲੈ ਕੇ ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਦੇ ਨੇਤਾ ਡੇਰੇ ਦੇ ਖ਼ਿਲਾਫ਼ ਬਗੈਰ ਕਿਸੇ ਕਾਰਨ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਡੇਰਾ ਪ੍ਰੇਮੀਆਂ ਦੀ ਨਰਾਜ਼ਗੀ ਜ਼ਿਆਦਾ ਗੰਭੀਰ ਦਿਖਾਈ ਨਹੀਂ ਦੇ ਰਹੀ।