image caption:

ਵਿਦੇਸ਼ਾਂ 'ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਬੰਦ ਕਰੇਗਾ ਅਮਰੀਕਾ!

ਇੰਮੀਗ੍ਰੇਸ਼ਨ ਵਕੀਲਾਂ ਨੇ ਟਰੰਪ ਸਰਕਾਰ ਦੀ ਯੋਜਨਾ 'ਤੇ ਪ੍ਰਗਟਾਈ ਚਿੰਤਾ
ਵਾਸ਼ਿੰਗਟਨ-  ਇੰਮੀਗ੍ਰੇਸ਼ਨ ਨੀਤੀਆਂ ਸਖ਼ਤ ਕਰਨ ਮਗਰੋਂ ਹੁਣ ਅਮਰੀਕਾ ਦੀ ਡੌਨਲਡ ਟਰੰਪ ਸਰਕਾਰ ਏਸ਼ੀਆ, ਯੂਰਪ ਅਤੇ ਲੈਟਿਨ ਅਮੈਰਿਕਾ 'ਚ ਸਥਿਤ 23 ਇੰਮੀਗ੍ਰੇਸ਼ਨ ਦਫ਼ਤਰ ਪੱਕੇ ਤੌਰ 'ਤੇ ਬੰਦ ਕਰਨ ਜਾ ਰਹੀ ਹੈ ਜਿਸ ਨਾਲ ਪ੍ਰਵਾਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। 'ਵਾਲ ਸਟ੍ਰੀਟ ਜਰਨਲ' ਦੀ ਰਿਪੋਰਟ ਮੁਤਾਬਕ ਸਰਕਾਰ ਵੱਲੋਂ ਤਿਆਰ ਯੋਜਨਾ ਤਹਿਤ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਦਫ਼ਤਰ ਬੰਦ ਹੋਣ ਮਗਰੋਂ ਪ੍ਰਵਾਸੀਆਂ ਨੂੰ ਇੰਮੀਗ੍ਰੇਸ਼ਨ ਸੇਵਾਵਾਂ ਲਈ ਅਮੈਰਿਕਨ ਅੰਬੈਸੀਜ਼ ਨਾਲ ਸੰਪਰਕ ਕਰਨਾ ਹੋਵੇਗਾ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਸ ਤਰੀਕੇ ਨਾਲ ਕਰੋੜਾਂ ਡਾਲਰ ਦੀ ਬੱਚਤ ਹੋਵੇਗੀ ਅਤੇ ਘਰੇਲੂ ਪੱਧਰ 'ਤੇ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਖ਼ਤਮ ਕੀਤਾ ਜਾ ਸਕੇਗਾ। ਦੂਜੇ ਪਾਸੇ ਇੰਮੀਗ੍ਰੇਸ਼ਨ ਵਕੀਲਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਪੁਰਾਣਾ ਬੈਕਲਾਗ ਖ਼ਤਮ ਕਰਨ ਦੇ ਚੱਕਰ ਵਿਚ ਨਵਾਂ ਬੈਕਲਾਗ ਪੈਦਾ ਹੋ ਜਾਵੇਗਾ। ਵਕੀਲਾਂ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਫ਼ੈਮਿਲੀ ਵੀਜ਼ਾ ਲੈਣ ਵਾਲੇ ਪ੍ਰਭਾਵਤ ਹੋਣਗੇ ਜਦਕਿ ਰਫ਼ਿਊਜੀਆਂ ਅਤੇ ਹੋਰ ਕਈ ਵਰਗ ਸੇਵਾਵਾਂ ਤੋਂ ਵਾਂਝੇ ਹੋ ਜਾਣਗੇ। ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੇ ਮੀਡੀਆ ਡਾਇਟਰੈਕਟਰ ਐਨਰਿਕ ਗੁਤੀਰੇਜ਼ ਅਤੇ ਜੌਹਨ ਸੈਂਟੋਸ ਨੇ ਕਿਹਾ ਕਿ ਸਰਕਾਰ ਦੀ ਇਹ ਦਲੀਲ ਬਿਲਕੁਲ ਵੀ ਮੰਨਣਯੋਗ ਨਹੀਂ ਕਿ ਵਿਦੇਸ਼ਾਂ ਵਿਚ ਸਥਿਤ ਇੰਮੀਗ੍ਰੇਸ਼ਨ ਦਫ਼ਤਰਾਂ ਨੂੰ ਬੰਦ ਕਰ ਕੇ ਕਰੋੜਾਂ ਡਾਲਰ ਦੀ ਬੱਚਤ ਹੋਵੇਗੀ ਕਿਉਂਕਿ ਅਮਰੀਕਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੂੰ ਹੋਣ ਵਾਲੀ ਜ਼ਿਆਦਾਤਰ ਆਮਦਨ ਪ੍ਰਵਾਸੀਆ ਨੂੰ ਦਿਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਇਵਜ਼ ਵਿਚ ਆਉਂਦੀ ਹੈ। ਵਿਦੇਸ਼ਾਂ ਵਿਚ ਸਥਿਤ ਇੰਮੀਗ੍ਰੇਸ਼ਨ ਦਫ਼ਤਰ ਸਿਰਫ਼ ਪ੍ਰਵਾਸੀਆਂ ਨੂੰ ਹੀ ਸੇਵਾ ਨਹੀਂ ਦਿੰਦੇ ਸਗੋਂ ਅਮਰੀਕੀ ਨਾਗਰਿਕਾਂ ਦੀ ਵੀ ਮਦਦ ਕਰਦੇ ਹਨ ਜੋ ਆਪਣੇ ਰਿਸ਼ਤੇਦਵਾਰਾਂ ਨੂੰ ਅਮਰੀਕਾ ਸੱਦਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਅਮਰੀਕੀ ਫ਼ੌਜ ਵਿਚ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਯੂ.ਐਸ. ਸਿਟੀਜ਼ਨਸ਼ਿਪ ਦੇਣ ਦਾ ਕੰਮ ਵੀ ਇਨ&bullਾਂ ਦਫ਼ਤਰਾਂ ਦੁਆਰਾ ਕੀਤਾ ਜਾਂਦਾ ਹੈ। ਦੱਸ ਦੇਈਏ ਕਿ 2014 ਮਗਰੋਂ ਅਮਰੀਕੀ ਇੰਮੀਗ੍ਰੇਸ਼ਨ ਅਰਜ਼ੀਆਂ ਦੇ ਨਿਪਟਾਰੇ ਵਿਚ ਲੱਗਣ ਵਾਲਾ ਸਮਾਂ ਤਕਰੀਬਨ ਦੁੱਗਣਾ ਹੋ ਚੁੱਕਾ ਹੈ। ਮੌਜੂਦਾ ਸਮੇਂ ਵਿਚ ਇੰਮੀਗ੍ਰੇਸ਼ਨ ਵਿਭਾਗ ਕੋਲ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਵਧ ਕੇ 23 ਲੱਖ ਦੇ ਨੇੜੇ ਪੁੱਜ ਗਿਆ ਹੈ।