image caption:

ਲੋਕ ਸਭਾ ਵਿਚ ਹਾਜ਼ਰੀ 'ਚ ਸਾਂਪਲਾ, ਸਵਾਲ ਪੁੱਛਣ 'ਚ ਬਿੱਟੂ ਤੇ ਬਹਿਸ ਕਰਨ 'ਚ ਮਾਨ ਨੇ ਮਾਰੀ ਬਾਜ਼ੀ

ਜਲੰਧਰ : 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਐਲਾਨੇ ਗਏ ਉਮੀਦਵਾਰਾਂ ਤੇ ਪਾਰਟੀ ਆਗੂਆਂ ਵੱਲੋਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਉਹ ਸੰਸਦ ਵਿਚ ਜਾ ਕੇ ਆਪਣੇ ਹਲਕੇ ਦੇ ਵਿਕਾਸ ਲਈ ਵਿਸ਼ੇਸ਼ ਫੰਡ ਤੇ ਗ੍ਰਾਂਟਾਂ ਲਿਆਉਣਗੇ। ਪਹਿਲੀ ਵਾਰ ਲੋਕ ਸਭਾ ਚੋਣ ਲੜਨ ਵਾਲੇ ਕੁਝ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਇਹ ਭਰੋਸਾ ਵੀ ਦਿੱਤਾ ਜਾ ਰਿਹਾ ਹੈ ਕਿ ਮੌਜੂਦਾ ਸੰਸਦ ਮੈਂਬਰਾਂ ਵੱਲੋਂ ਹਲਕੇ 'ਚ ਕੰਮ ਨਹੀਂ ਕਰਵਾਏ ਗਏ। ਜੇਕਰ ਉਨ੍ਹਾਂ ਨੂੰ ਸੰਸਦ 'ਚ ਭੇਜਿਆ ਜਾਵੇਗਾ ਤਾਂ ਉਹ ਹਲਕੇ 'ਚ ਵਿਕਾਸ ਦੀਆਂ ਲਹਿਰਾਂ-ਬਹਿਰਾਂ ਲਾ ਦੇਣਗੇ। ਜੇਕਰ ਚੋਣ ਪ੍ਰਚਾਰ ਦੇ ਰੌਲੇ ਤੋਂ ਹਟ ਕੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਵੱਲੋਂ ਜਿਤਾ ਕੇ ਸੰਸਦ ਵਿਚ ਭੇਜੇ ਗਏ ਪੰਜਾਬ ਦੇ 13 ਲੋਕ ਸਭਾ ਮੈਂਬਰਾਂ ਦੀ ਕਾਰਗੁਜ਼ਾਰੀ 'ਤੇ ਝਾਤ ਮਾਰੀਏ ਤਾਂ ਇਕ-ਦੋ ਨੂੰ ਛੱਡ ਕੇ ਬਾਕੀਆਂ ਨੇ ਸਿਰਫ਼ ਰਾਜਸੱਤਾ ਦਾ ਸੁੱਖ ਹੀ ਮਾਣਿਆ ਹੈ।

ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਸੰਸਦ ਵਿਚ ਭਰੀ ਗਈ ਹਾਜ਼ਰੀ, ਬਹਿਸਾਂ 'ਚ ਲਿਆ ਗਿਆ ਹਿੱਸਾ, ਪੁੱਛੇ ਗਏ ਸਵਾਲਾਂ ਅਤੇ ਪੰਜਾਬ ਨਾਲ ਸਬੰਧਤ ਮੁੱਦੇ ਚੁੱਕਣ ਬਾਰੇ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਪਾਰਲੀਮੈਂਟ ਦੇ ਹੋਣ ਵਾਲੇ ਸੈਸ਼ਨਾਂ ਦੌਰਾਨ ਸਭ ਤੋਂ ਵੱਧ ਹਾਜ਼ਰੀ ਹੁਸ਼ਿਆਰਪੁਰ ਤੋਂ ਭਾਜਪਾ ਦੇ ਐੱਮਪੀ ਵਿਜੇ ਸਾਂਪਲਾ ਦੀ 97 ਫ਼ੀਸਦੀ ਰਹੀ, ਜਦੋਂਕਿ ਸਭ ਤੋਂ ਘੱਟ ਹਾਜ਼ਰੀ ਫਰੀਦਕੋਟ ਤੋਂ 'ਆਪ' ਦੇ ਐੱਮਪੀ ਸਾਧੂ ਸਿੰਘ ਦੀ 51 ਫ਼ੀਸਦੀ ਰਹੀ। ਇਸੇ ਤਰ੍ਹਾਂ ਸਭ ਤੋਂ ਵੱਧ ਬਹਿਸਾਂ ਵਿਚ ਹਿੱਸਾ 'ਆਪ' ਦੇ ਤੇਜ਼-ਤਰਾਰ ਐੱਮਪੀ ਭਗਵੰਤ ਮਾਨ ਨੇ ਲਿਆ, ਜਦੋਂਕਿ ਸਭ ਤੋਂ ਘੱਟ ਬਹਿਸਾਂ 'ਚ ਹਿੱਸਾ 'ਆਪ' ਦੇ ਹਰਿੰਦਰ ਸਿੰਘ ਖ਼ਾਲਸਾ ('ਆਪ' ਵੱਲੋਂ ਮੁਅੱਤਲ ਤੇ ਹੁਣ ਭਾਜਪਾ 'ਚ) ਨੇ ਲਿਆ। ਇਸੇ ਤਰ੍ਹਾਂ ਸਵਾਲ ਪੁੱਛਣ ਦੇ ਮਾਮਲੇ ਵਿਚ ਲੁਧਿਆਣਾ ਤੋਂ ਕਾਂਗਰਸੀ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਸਵਾਲ ਪੁੱਛਣ 'ਚ ਬਾਜ਼ੀ ਮਾਰੀ ਹੈ, ਉਨ੍ਹਾਂ ਨੇ 487 ਸਵਾਲ ਪੁੱਛੇ ਹਨ ਪਰ ਇਸ ਦੇ ਉਲਟ ਭਾਜਪਾ ਦੇ ਵਿਜੇ ਸਾਂਪਲਾ, ਜਿਨ੍ਹਾਂ ਨੇ ਸਭ ਤੋਂ ਵੱਧ ਹਾਜ਼ਰੀ ਭਰੀ ਸੰਸਦ 'ਚ ਸਵਾਲ ਸਿਰਫ ਇਕ ਹੀ ਪੁੱਿਛਆ ਹੈ। ਦੇਸ਼ ਦੇ ਸੰਸਦ ਅੰਦਰ ਪੰਜਾਬ ਦੀ ਆਵਾਜ਼ ਬਣ ਕੇ ਮੁੱਦੇ ਚੁੱਕਣ ਦੇ ਮਾਮਲੇ ਵਿਚ ਸਾਰੇ ਸੰਸਦ ਮੈਂਬਰਾਂ ਨੇ ਪੰਜਾਬ ਨਾਲ ਸਬੰਧਤ ਕਈ ਮੁੱਦੇ ਚੁੱਕੇ, ਜਦੋਂਕਿ ਖਡੂਰ ਸਾਹਿਬ ਤੋਂ ਸੀਨੀਅਰ ਅਕਾਲੀ ਐੱਮਪੀ (ਹੁਣ ਅਕਾਲੀ ਦਲ ਟਕਸਾਲੀ) ਰਣਜੀਤ ਸਿੰਘ ਬ੍ਹਮਪੁਰਾ ਨੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਸਿਰਫ਼ ਇਕ ਮੁੱਦਾ ਹੀ ਚੁੱਕਿਆ।