image caption:

ਇਤਰਾਜ਼ਯੋਗ ਟਿੱਪਣੀ 'ਤੇ ਆਜ਼ਮ ਖ਼ਾਨ ਖ਼ਿਲਾਫ਼ ਮੁਕੱਦਮਾ,ਮਹਿਲਾ ਕਮਿਸ਼ਨ ਨੇ ਵੀ ਲਿਆ ਨੋਟਿਸ

ਰਾਮਪੁਰ : ਰਾਮਪੁਰ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਫਿਲਮ ਅਦਾਕਾਰਾ ਜੈਪ੍ਰਦਾ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਆਜ਼ਮ ਖ਼ਾਨ ਫਸ ਗਏ ਹਨ। ਉਨ੍ਹਾਂ ਖ਼ਿਲਾਫ਼ ਸ਼ਾਹਬਾਦ ਥਾਣੇ 'ਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।

ਆਜ਼ਮ ਖ਼ਾਨ ਨੇ ਕੱਲ੍ਹ ਸ਼ਾਹਬਾਦ 'ਚ ਹੋਈ ਰੈਲੀ 'ਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਮੌਜੂਦਗੀ 'ਚ ਕਿਹਾ ਸੀ ਕਿ ਜੈਪ੍ਰਦਾ ਜੋ ਅੰਦਰੂਨੀ ਵਸਤਰ ਪਾਉਂਦੀ ਹੈ, ਉਸ ਦਾ ਰੰਗ ਖਾਕੀ ਹੈ। ਇਸ ਮਾਮਲੇ ਨੂੰ ਚੋਣ ਕਮਿਸ਼ਨ ਨੇ ਵੀ ਗੰਭੀਰਤਾ ਨਾਲ ਲਿਆ ਅਤੇ ਜ਼ਿਲ੍ਹਾ ਅਧਿਕਾਰੀ ਤੋਂ ਰਿਪੋਰਟ ਤਲਬ ਕੀਤੀ। ਜ਼ਿਲ੍ਹਾ ਅਧਿਕਾਰੀ ਨੇ ਵੀਡੀਓ ਸਮੀਖਿਆ ਟੀਮ ਦੇ ਇੰਚਾਰਜ ਤੋਂ ਮਾਮਲੇ ਦੀ ਜਾਂਚ ਕਰਵਾਈ। ਜਾਂਚ ਤੋਂ ਬਾਅਦ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।

ਵੀਡੀਓ ਸਮੀਖਿਆ ਟੀਮ ਦੇ ਇੰਚਾਰਜ ਮਹੇਸ਼ ਕੁਮਾਰ ਗੁਪਤਾ ਨੇ ਸ਼ਾਹਬਾਦ ਥਾਣੇ 'ਚ ਦਰਜ ਕਰਵਾਈ ਰਿਪੋਰਟ 'ਚ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਨਾਲ ਹੀ ਔਰਤ ਬਾਰੇ 'ਚ ਇਤਰਾਜ਼ਯੋਗ ਟਿੱਪਣੀ ਕਰਨ ਦਾ ਵੀ ਦੋਸ਼ ਲਾਇਆ ਹੈ। ਆਜ਼ਮ ਖ਼ਾਨ ਖ਼ਿਲਾਫ਼ ਨਾਮਜ਼ਦਗੀ ਕਰਵਾਉਣ ਦੇ ਬਾਅਦ ਤੋਂ ਹੀ ਹੁਣ ਤਕ ਨੌਂ ਮੁਕੱਦਮੇ ਦਰਜ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਜ਼ਿਲ੍ਹਾ ਅਧਿਕਾਰੀ ਆਂਜਨੇਅ ਕੁਮਾਰ ਸਿੰਘ ਖ਼ਿਲਾਫ਼ ਵੀ ਇਤਰਾਜ਼ਯੋਗ ਬਿਆਨ ਦੇ ਚੁੱਕੇ ਹਨ।