image caption:

ਕਾਂਗਰਸ ਨੇ ਪੁੱਛਿਆ : ਭਾਜਪਾ ਕੋਲ ਲੋਕ ਸਭਾ ਚੋਣਾਂ ਲਈ 27000 ਕਰੋੜ ਕਿੱਥੋਂ ਆਏ?

ਨਵੀਂ ਦਿੱਲੀ- ਕਾਂਗਰਸ ਨੇ ਕਿਹਾ ਕਿ ਭਾਜਪਾ ਇਹ ਦੱਸੇ ਕਿ ਲੋਕ ਸਭਾ ਚੋਣਾਂ ਵਿੱਚ ਖਰਚ ਕਰਨ ਲਈ 27 ਹਜ਼ਾਰ ਕਰੋੜ ਰੁਪਏ ਉਸ ਕੋਲ ਕਿੱਥੋਂ ਆਏ? ਪਾਰਟੀ ਨੇ ਇਹ ਵੀ ਸਵਾਲ ਕੀਤਾ ਕਿ ਇਸ 'ਚੋਂ ਕਿੰਨਾ ਇਕ ਨੰਬਰ ਦਾ ਧਨ ਹੈ ਅਤੇ ਕਿੰਨਾ ਦੋ ਨੰਬਰ (ਕਾਲਾ ਧਨ) ਦਾ। ਕਾਂਗਰਸ ਨੇ ਪੁੱਛਿਆ ਹੈ ਕਿ ਕੀ ਇਸ 'ਚੋਂ ਵੱਡੀ ਰਕਮ ਇਲੈਕਟੋਰਲ ਬਾਂਡ ਨਾਲ ਇਕੱਠੀ ਕੀਤੀ ਗਈ ਹੈ।
ਇਸ ਸੰਬੰਧ ਵਿੱਚ ਕਾਂਗਰਸ ਪਾਰਟੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੋਣਾਂ ਦੇ ਵਪਾਰੀ ਕਰਨ ਲਈ ਉਸ ਨੂੰ ਵਾਈਟ ਪੇਪਰ ਲਿਆਉਣਾ ਚਾਹੀਦਾ ਹੈ, ਕਿਉਂਕਿ ਚੋਣਾਂ ਵਿੱਚ ਧਨ ਦੀ ਵੱਧ ਵਰਤੋਂ ਲੋਕਤੰਤਰ ਅਤੇ ਸੰਵਿਧਾਨ ਦੇ ਮੂਲ ਢਾਂਚੇ ਨੂੰ ਪ੍ਰਭਾਵਤ ਕਰਦੀ ਹੈ। ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਸੈਂਟਰ ਫਾਰ ਮੀਡੀਆ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ 60 ਹਜ਼ਾਰ ਕਰੋੜ ਰੁਪਏ ਦਾ ਖਰਚ ਬੇਹੱਦ ਚਿੰਤਾ ਜਨਕ ਹੈ ਤੇ ਇਹ ਚੋਣ ਦੇ ਵਪਾਰੀ ਕਰਨ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਿਪੋਰਟ ਆਜ਼ਾਦ ਸੰਸਥਾ ਦੀ ਹੈ, ਇਸ ਲਈ ਇਸ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਸਿੰਘਵੀ ਨੇ ਕਿਹਾ ਕਿ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 45 ਪ੍ਰਤੀਸ਼ਤ ਧਨ ਸੱਤਾਧਾਰੀ ਪਾਰਟੀ ਭਾਜਪਾ ਨੇ ਖਰਚ ਕੀਤਾ ਹੈ, ਜੋ 27 ਹਜ਼ਾਰ ਕਰੋੜ ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਧਿਰਾਂ ਇਸ ਤੋਂ ਬਹੁਤ ਪਿੱਛੇ ਸਨ, ਜਿਨ੍ਹਾਂ ਨੇ 12 ਤੋਂ ਲੈ ਕੇ 20 ਪ੍ਰਤੀਸ਼ਤ ਤੱਕ ਖਰਚ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਕੁੱਲ ਖਰਚ ਤੋਂ ਅਨੁਮਾਨ ਲਾਇਆ ਜਾਵੇ ਕਿ ਪ੍ਰਤੀ ਲੋਕ ਸਭਾ ਸੀਟ 'ਤੇ 100 ਕਰੋੜ ਰੁਪਏ ਖਰਚ ਅਤੇ ਭਾਜਪਾ ਨੇ 62 ਕਰੋੜ ਰੁੁਪਏ ਖਰਚ ਕੀਤੇ ਹਨ। ਭਾਜਪਾ ਨੇ 437 ਸੀਟਾਂ 'ਤੇ ਉਮੀਦਵਾਰ ਖੜੇ ਕੀਤੇ ਸਨ। ਸਿੰਘਵੀ ਨੇ ਕਿਹਾ ਕਿ ਭਾਜਪਾ ਨੇ ਜੋ ਰਕਮ ਚੋਣਾਂ 'ਤੇ ਖਰਚ ਕੀਤੀ ਹੈ ਉਹ ਦੇਸ਼ ਦੇ ਸਿੱਖਿਆ ਬਜਟ ਦਾ 30 ਪ੍ਰਤੀਸ਼ਤ, ਸਿਹਤ ਬਜਟ ਦਾ 40 ਪ੍ਰਤੀਸ਼ਤ, ਰੱਖਿਆ ਬਜਟ ਦਾ 10 ਪ੍ਰਤੀਸ਼ਤ ਅਤੇ ਮਨਰੇਗਾ ਬਜਟ ਦਾ 45 ਪ੍ਰਤੀਸ਼ਤ ਅਤੇ ਨਮਾਮਿ ਗੰਗੇ ਪ੍ਰੋਗਰਾਮ ਦੇ ਬਜਟ ਦਾ 24 ਹਜ਼ਾਰ ਕਰੋੜ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਗੰਭੀਰ ਗੱਲ ਹੈ ਕਿ 1998 ਦੇ ਬਾਅਦ ਤੋਂ ਹੁਣ ਤੱਕ ਹੋਈਆਂ ਲੋਕ ਸਭਾ ਚੋਣਾਂ ਵਿੱਚ ਇਸ ਵਾਰ ਚੋਣ ਖਰਚ ਛੇ ਗੁਣਾ ਜ਼ਿਆਦਾ ਹੋਇਆ ਹੈ। ਕਾਂਗਰਸ ਬੁਲਾਰੇ ਨੇ ਕਿਹਾ ਕਿ ਜੇ ਭਾਜਪਾ ਆਪਣੇ ਚੋਣ ਖਰਚ ਦੇ ਬਾਰੇ ਸਹੀ ਜਾਣਕਾਰੀ ਦੇਵੇਗੀ ਤਾਂ ਕਾਂਗਰਸ ਵੀ ਆਪਣਾ ਪੂਰਾ ਖਰਚ ਜਨਤਕ ਕਰੇਗੀ।