image caption:

ਨਿਊਜ਼ੀਲੈਂਡ ਵਿੱਚ ਬੇਗਾਨੇ ਨਾਲ ਰਹਿੰਦੀ ਪਤਨੀ ਨੇ ਪਤੀ ਡਿਪੋਰਟ ਕਰਵਾਇਆ

ਪਟਿਆਲਾ- ਵਿਆਹ ਦੇ ਵਾਸਤੇ ਚਾਲੀ ਲੱਖ ਰੁਪਏ ਖਰਚ ਕਰ ਕੇ ਜਿਸ ਨੌਜਵਾਨ ਨੇ ਪਤਨੀ ਨੂੰ ਨਿਊਜ਼ੀਲੈਂਡ ਭੇਜਿਆ, ਉਸ ਦੇ ਲਈ ਪਹਿਲੀ ਵਾਰ ਸਭ ਠੀਕ ਰਿਹਾ, ਪਰ ਦੂਸਰੀ ਵਾਰ ਨਿਊਜ਼ੀਲੈਂਡ ਜਾ ਕੇ ਪਤਨੀ ਨੇ ਉਸ ਨੂੰ ਧੋਖਾ ਦੇ ਦਿੱਤਾ। ਪਤਨੀ ਨੇ ਕਿਸੇ ਦੂਸਰੇ ਹੋਰ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਪਤੀ-ਪਤਨੀ ਦਾ ਝਗੜਾ ਇੰਨਾ ਵਧ ਗਿਆ ਕਿ ਪਤਨੀ ਨੇ ਨਿਊਜ਼ੀਲੈਂਡ ਪੁਲਸ ਕੋਲ ਪਤੀ ਦੀ ਸ਼ਿਕਾਇਤ ਕਰ ਦਿੱਤੀ। ਉਹ ਚਾਰ ਦਿਨ ਪੁਲਸ ਹਿਰਾਸਤ ਵਿੱਚ ਰਿਹਾ, ਜਿਸ ਦੇ ਬਾਅਦ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ।
ਸੰਗਰੂਰ ਦੇ ਪਿੰਡ ਸਕਰੌਦੀ ਦੇ ਵਸਨੀਕ ਹਰਦੀਪ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਦੀ ਪਤਨੀ ਦੇ ਖਿਲਾਫ ਕੇਸ ਦਰਜ ਕੀਤਾ ਹੈ। ਹਰਦੀਪ ਸਿੰਘ ਨੇ ਦੱਅਿਾ ਕਿ ਪ੍ਰਭਨੀਤ ਕੌਰ ਨਾਲ ਪਹਿਲੀ ਵਾਰ ਉਸ ਵਕਤ ਮੁਲਾਕਾਤ ਹੋਈ, ਜਦ ਉਹ ਬੀ ਏ ਸੈਕਿੰਡ ਈਅਰ ਵਿੱਚ ਪੜ੍ਹਦੀ ਸੀ। ਪ੍ਰਭਨੀਤ ਨੇ ਮਾਤਾ-ਪਿਤਾ ਨਾਲ ਹਰਦੀਪ ਸਿੰਘ ਨੂੰ ਮਿਲਾਇਆ। ਫਰਵਰੀ 2010 ਵਿੱਚ ਦੋਵਾਂ ਦਾ ਵਿਆਹ ਹੋ ਗਿਆ ਅਤੇ ਦੋਵੇਂ ਨਿਊਜ਼ੀਲੈਂਡ ਚਲੇ ਗਏ। ਕਰੀਬ ਡੇਢ ਸਾਲ ਉਥੇ ਰਹਿਣ ਦੇ ਬਾਅਦ ਦੋਵੇਂ ਵਾਪਸ ਆ ਗਏ। ਏਥੇ ਆ ਕੇ 2014 ਨੂੰ ਪ੍ਰਭਨੀਤ ਨੇ ਬੇਟੇ ਨੂੰ ਜਨਮ ਦਿੱਤਾ ਤੇ ਮਈ 2017 ਵਿੱਚ ਦੋਵਾਂ ਨੇ ਫਿਰ ਨਿਊਜ਼ੀਲੈਂਡ ਲਈ ਅਪਲਾਈ ਕੀਤਾ ਤਾਂ ਪ੍ਰਭਨੀਤ ਕੌਰ ਦਾ ਵੀਜ਼ਾ ਲੱਗ ਗਿਆ ਤੇ ਹਰਦੀਪ ਦਾ ਨਹੀਂ ਲੱਗਾ। ਬਾਅਦ ਵਿੱਚ ਜੁਲਾਈ ਵਿੱਚ ਹਰਦੀਪ ਆਪਣੇ ਬੇਟੇ ਨਾਲ ਵਿਜੀਟਰਸ ਵੀਜ਼ਾ ਉਤੇ ਨਿਊਜ਼ੀਲੈਂਡ ਗਿਆ ਤਾਂ ਦੇਖਿਆ ਕਿ ਪ੍ਰਭਨੀਤ ਬੁਰੀ ਸੰਗਤ ਵਿੱਚ ਪੈ ਚੁੱਕੀ ਹੈ। ਦੋਵਾਂ ਦਾ ਝਗੜਾ ਹੋਣ ਲੱਗਾ। ਅਗਸਤ 2017 ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਦੇ ਲਈ ਦੋਵੇਂ ਵਾਪਸ ਭਾਰਤ ਆਏ। ਵਿਆਹ ਦੇ ਬਾਅਦ ਪ੍ਰਭਨੀਤ ਪੇਕੇ ਗਈ ਤੇ ਉਥੋਂ ਬਿਨਾਂ ਦੱਸੇ ਨਿਊਜ਼ੀਲੈਂਡ ਚਲੀ ਗਈ। ਫਿਰ ਹਰਦੀਪ ਵੀ ਨਿਊਜ਼ੀਲੈਂਡ ਗਿਆ ਤਾਂ ਤਿੰਨ ਮਹੀਨੇ ਤੱਕ ਪ੍ਰਭਨੀਤ ਨਾਲ ਕੋਈ ਸੰਪਰਕ ਨਹੀਂ ਹੋਇਆ। ਉਹ ਕਿਸੇ ਹੋਰ ਦੇ ਨਾਲ ਰਹਿਣ ਲੱਗ ਪਈ ਸੀ। ਦੋਵਾਂ ਦਾ ਜਦ ਇਸ ਗੱਲ ਤੋਂ ਝਗੜਾ ਹੋਇਆ ਤਾਂ ਪ੍ਰਭਨੀਤ ਨੇ ਹਰਦੀਪ ਨੂੰ ਨਿਊਜ਼ੀਲੈਂਡ ਪੁਲਸ ਦੇ ਹਵਾਲੇ ਕਰ ਦਿੱਤਾ, ਜਿਸ ਦੇ ਬਾਅਦ ਉਸ ਨੂੰ ਭਾਰਤ ਮੁੜਨਾ ਪਿਆ। ਨਿਊ ਅਫਸਰ ਕਲੋਨੀ ਚੌਕੀ ਦੇ ਇੰਚਾਰਜ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਦੇ ਬਾਅਦ ਪ੍ਰਭਨੀਤ ਕੌਰ 'ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਜ਼ਰੂਰਤ ਪੈਣ ਉੱਤੇ ਨਿਊਜ਼ੀਲੈਂਡ ਪੁਲਸ ਨਾਲ ਤਾਲਮੇਲ ਕੀਤਾ ਜਾਏਗਾ।