image caption:

ਪੰਜਾਬ ਸਰਕਾਰ ਵੱਲੋਂ ਨਾਮਣੇ ਵਾਲੇ ਸੌ ਖਿਡਾਰੀਆਂ ਨੂੰ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਤਿੰਨ ਵਾਰ ਦੇ ਓਲੰਪਿਕ ਸੋਨ ਤਗਮਾ ਜੇਤੂ ਪ੍ਰਮੁੱਖ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ&lsquoਭਾਰਤ ਰਤਨ&rsquo ਦੇਣ ਲਈ ਕੇਂਦਰ ਦੀ ਸਰਕਾਰ ਨੂੰ ਸਿਫ਼ਾਰਸ਼ ਭੇਜੀ ਜਾਵੇਗੀ। ਉਹ ਅੱਜ ਏਥੇ ਪੀ ਜੀ ਆਈ ਵਿੱਚ ਬਲਬੀਰ ਸਿੰਘ ਸੀਨੀਅਰ ਨੰ ਵੇਖਣ ਗਏ ਅਤੇ ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਦਾਨ ਕੀਤਾ। ਬਲਬੀਰ ਸਿੰਘ ਸੀਨੀਅਰ ਬਿਮਾਰ ਹੋਣ ਕਾਰਨ ਉਥੇ ਇਲਾਜ ਕਰਵਾ ਰਹੇ ਹਨ। ਇਸ ਪਿੱਛੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 100 ਹੋਰ ਪ੍ਰਮੁੱਖ ਖਿਡਾਰੀਆਂ ਨੂੰ ਇਕ ਸਮਾਰੋਹ ਦੌਰਾਨ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ।
ਅੱਜ ਏਥੇ ਕੀਤੇ ਸਮਾਰੋਹ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਐਵਾਰਡ ਨੂੰ ਦੇਣ ਦਾ ਕੰਮ ਕਰੀਬ ਇਕ ਦਹਾਕੇ ਪਿੱਛੋਂ ਸ਼ੁਰੂ ਕੀਤਾ ਗਿਆ ਹੈ ਤੇ ਅੱਗੋਂ ਇਸ ਨੂੰ ਹਰ ਸਾਲ ਕੀਤਾ ਜਾਵੇਗਾ। ਇਸ ਮੌਕੇ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਵਰਗੇ ਮਹਾਨ ਹਾਕੀ ਓਲੰਪਿਅਨ ਖਿਡਾਰੀਆਂ ਨੇ ਖੇਡ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਤੇ ਉਨ੍ਹਾਂ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ। ਸਮਾਗਮ ਵਿੱਚ ਹਾਜ਼ਰ ਲੋਕਾਂ ਨਾਲ ਯਾਦਾਂ ਸਾਂਝੇ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮਹਾਨ ਹਾਕੀ ਖਿਡਾਰੀ ਮਿਲਖਾ ਸਿੰਘ ਦੇ ਨਾਲ ਕ੍ਰਿਕਟ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ, ਵਿਸ਼ਵ ਕੱਪ ਹਾਕੀ ਦੇ ਸਾਬਕਾ ਕਪਤਾਨ ਅਜੀਤ ਪਾਲ ਸਿੰਘ ਅਤੇ ਪੰਜਾਬ ਦੇ ਹੋਰ ਪ੍ਰਮੁੱਖ ਖਿਡਾਰੀਆਂ ਦੇ ਹਾਜ਼ਰ ਹੋਣ ਉੱਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਨਾਂ ਖਿਡਾਰੀਆਂ ਨੂੰ ਦਿੱਤਾ ਐਵਾਰਡ ਨਵੇਂ ਖਿਡਾਰੀਆਂ ਨੂੰ ਖੇਡਾਂ ਵਿੱਚ ਹੋਰ ਚੰਗੀ ਕਾਰਗੁਜ਼ਾਰੀ ਦੇ ਲਈ ਪ੍ਰੇਰਤ ਕਰੇਗਾ। ਵਰਨਣ ਯੋਗ ਹੈ ਕਿ ਇਹ ਐਵਾਰਡ 1978 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ 2 ਲੱਖ ਰੁਪਏ, ਇੱਕ ਬਲੇਜਰ, ਇਕ ਸਕਰੋਲ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਟਰਾਫੀ ਦਿੱਤੀ ਜਾਂਦੀ ਹੈ, ਜਿਸ ਵਿੱਚ ਉਹ ਘੋੜੇ ਉੱਤੇ ਬੈਠੇ ਦਿਖਾਈ ਦੇ ਰਹੇ ਹਨ।
ਇਸ ਤੋਂ ਪਹਿਲਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਖੇਡਾਂ ਵੱਲ ਜਨੂੰਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਦੀ ਗਤੀਸ਼ੀਲ ਪਹੁੰਚ ਨਾਲ ਰਾਜ ਸਰਕਾਰ ਖੇਡਾਂ ਬਾਰੇ ਵਿਆਪਕ ਨੀਤੀ ਉੱਤੇ ਅਮਲ ਕਰ ਰਹੀ ਹੈ ਤੇ ਖੇਡ ਢਾਂਚਾ ਮਜ਼ਬੂਤ ਕਰਨ ਦੇ ਨਾਲ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੇ ਭਲੇ ਲਈ ਸਾਰੇ ਪੱਖਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉੱਘੇ ਖਿਡਾਰੀਆਂ ਤੇ ਕੌਮਾਂਤਰੀ ਪੱਧਰਦਾ ਤਮਗਾ ਜਿੱਤਣ ਵਾਲੇ ਖਿਡਾਰੀਆਂ ਦੀ ਖੇਡ ਪੈਨਸ਼ਨ ਜਾਰੀ ਰਹੇਗੀ, ਜੋ ਉਨਾਂ ਦੇ ਸਬੰਧਤ ਵਿਭਾਗਾਂ ਤੋਂ ਵੱਖਰੇ ਤੌਰ ਉੱਤੇ ਮਿਲਦੀ ਹੈ।
ਅੱਜ ਇਸ ਸਮਾਗਮ ਦੌਰਾਨ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਵਿੱਚ ਬਲਬੀਰ ਸਿੰਘ ਸੀਨੀਅਰ, ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਅਜੀਤਪਾਲ ਸਿੰਘ, ਬਿਸ਼ਨ ਸਿੰਘ ਬੇਦੀ, ਕਮਲਜੀਤ ਕੌਰ ਸੰਧੂ, ਬ੍ਰਿਗੇਡੀਅਰ ਹਰਚਰਨ ਸਿੰਘ, ਕਰਨਲ ਬਲਬੀਰ ਸਿੰਘ, ਬਲਦੇਵ ਸਿੰਘ, ਹਰਮੀਕ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਗੁਲਸ਼ਨ ਰਾਏ, ਜੈਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਫਿੱਡਾ, ਪਰਮਜੀਤ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ ਅਤੇ ਮਹਿੰਦਰ ਸਿੰਘ ਗਿੱਲ ਆਦਿ ਪਦਮਸ੍ਰੀ ਅਤੇ ਅਰਜਨ ਐਵਾਰਡੀ ਵੀ ਸ਼ਾਮਲ ਸਨ। ਇਨ੍ਹਾਂ ਦੇ ਨਾਲ ਸਾਲ 2011 ਦੇ 15 ਖਿਡਾਰੀ,ਸਾਲ 2012 ਦੇ 14, ਸਾਲ 2013 ਦੇ 5, ਸਾਲ 2014 ਦੇ 5, ਸਾਲ 2015 ਵਾਲੇ 10, ਸਾਲ 2016 ਦੇ 15, ਸਾਲ 2017 ਦੇ 7 ਅਤੇ ਸਾਲ 2018 ਦੇ 10ਖਿਡਾਰੀ ਸਨਮਾਨਤ ਕੀਤੇ ਗਏ ਹਨ।