image caption: ਤਸਵੀਰ: ਸ: ਰਾਜਿੰਦਰ ਸਿੰਘ ਪੁਰੇਵਾਲ, ਸ: ਹਰਬੰਸ ਸਿੰਘ ਤੇਗ

ਸ: ਪੁਰੇਵਾਲ ਵੱਲੋਂ ਗਿਆਨੀ ਤੇਗ ਜੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

 
ਡਰਬੀ (ਪੰਜਾਬ ਟਾਈਮਜ਼) - ਪੰਥ ਦੇ ਦੇ ਉਘੇ ਪ੍ਰਚਾਰਕ ਅਤੇ ਲੇਖਕ ਗਿਆਨੀ ਹਰਬੰਸ ਸਿੰਘ ਤੇਗ ਦੇ ਅਕਾਲ ਚਲਾਣੇ ਤੇ ਗੁਰਦੁਆਰਾ ਸਿੰਘ ਸਭਾ ਡਰਬੀ ਦੇ ਜਨਰਲ ਸੈਕਟਰੀ, ਸਿੱਖ ਅਜਾਇਬਘਰ ਡਰਬੀ ਦੇ ਚੇਅਰਮੈਨ ਅਤੇ ਪੰਜਾਬ ਟਾਈਮਜ਼ ਦੇ ਮਾਲਕ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਉਹਨਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
   ਮਾਰਚ ਮਹੀਨੇ ਵਿੱਚ ਤੇਗ ਹੁਣਾਂ ਦੇ ਐਕਸੀਡੈਂਟ ਤੋਂ ਕੁਝ ਦਿਨ ਪਹਿਲਾਂ ਹੀ ਸ: ਰਾਜਿੰਦਰ ਸਿੰਘ ਪੁਰੇਵਾਲ ਪੰਜਾਬ ਯਾਤਰਾ ਦੌਰਾਨ ਉਹਨਾਂ ਨੂੰ ਮਿਲੇ ਸਨ, ਜਦੋਂ ਉਹ ਔੜ ਉੜਾਪੁੜ ਵੱਲ ਗਏ ਹੋਏ ਸਨ। ਇਸ ਦੌਰਾਨ ਉਹ ਇਕੱਠੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਹੁਣਾਂ ਨਾਲ ਵੀ ਮੁਲਾਕਾਤ ਕੀਤੀ ਤੇ ਖੁੱਲ੍ਹ ਕੇ ਪੰਥਕ ਵਿਚਾਰਾਂ ਹੋਈਆਂ ।
  ਤੇਗ ਪੰਥਕ ਮੁੱਦਿਆਂ ਅਤੇ ਪੰਥਕ ਰਹਿਤ ਮਰਯਾਦਾ ਪ੍ਰਤੀ ਬਹੁਤ ਹੀ ਸੰਜੀਦਾ ਅਤੇ ਬੜੇ ਸਪੱਸ਼ਟ ਸਨ । ਇਸ ਸਬੰਧੀ ਉਹ ਕਦੇ ਕੋਈ ਢਿੱਲ ਨਹੀਂ ਵਰਤਦੇ ਸਨ ਤੇ ਨਾ ਹੀ ਗੁਰਮਤਿ ਦੇ ਉਲਟ ਕੋਈ ਸਮਝੌਤਾ ਕਰਦੇ ਸਨ । ਉਹ ਅੱਸੀਵਿਆਂ ਦੇ ਵਿੱਚ ਯੂ ਕੇ ਆਏ ਸਨ, ਜਦੋਂ ਉਹਨਾਂ ਇਥੇ ਮਿਡਲੈਂਡ ਦੇ ਕਈ ਸ਼ਹਿਰਾਂ ਵਿੱਚ ਸੰਗਤਾਂ ਨੂੰ ਗੁਰਬਾਣੀ ਦੀ ਸੰਥਿਆ ਦਿੱਤੀ। ਇਸ ਦੇ ਨਾਲ ਨਾਲ ਯੂ ਕੇ ਤੋਂ ਛਪਦੇ ਪੰਜਾਬੀ ਪਰਚਿਆਂ ਵਿੱਚ ਗੁਰਮਤਿ ਸਬੰਧੀ ਲੇਖ ਲਿਖਦੇ ਰਹੇ ਹਨ । ਉਹ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਤੇ ਇਸੇ ਮਕਸਦ ਨਾਲ ਆਪਣਾ ਫਰਜ਼ ਨਿਭਾਉਂਦੇ ਰਹੇ ਹਨ ।
  ਸ: ਰਾਜਿੰਦਰ ਸਿੰਘ ਪੁਰੇਵਾਲ, ਹਰਜਿੰਦਰ ਸਿੰਘ ਮੰਡੇਰ ਅਤੇ ਸਾਰੇ ਸਟਾਫ਼ ਵੱਲੋਂ ਤੇਗ ਹੁਣਾਂ ਦੇ ਪਰਿਵਾਰ, ਉਹਨਾਂ ਦੇ  ਛੋਟੇ ਭਰਾਤਾ ਸ: ਹਰਦਿਆਲ ਸਿੰਘ ਧਮੜੈਤ ਅਤੇ ਭਤੀਜੇ ਸ: ਕਰਮਜੀਤ ਸਿੰਘ ਪੰਮਾ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ । ਵਾਹਿਗੁਰੂ ਗਿਆਨੀ ਤੇਗ ਹੁਣਾਂ ਦੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ ।