image caption:

ਰਾਹੁਲ ਗਾਂਧੀ ਨੇ ਕਿਹਾ: ਅਮੇਠੀ ਮੇਰਾ ਘਰ-ਪਰਿਵਾਰ ਹੈ, ਇਸ ਨੂੰ ਕਦੇ ਨਹੀਂ ਛੱਡਾਂਗਾ

ਅਮੇਠੀ,- ਕਾਂਗਰਸ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਰਾਹੁਲ ਗਾਂਧੀ ਨੇ ਅੱਜ ਬੁੱਧਵਾਰ ਨੂੰ ਕਿਹਾ ਕਿ ਅਮੇਠੀ ਉਨ੍ਹਾਂ ਦਾ ਘਰ-ਪਰਿਵਾਰ ਹੈ ਤੇ ਉਹ ਇਸ ਨੂੰ ਨਹੀਂ ਛੱਡਣਗੇ। ਅਮੇਠੀ ਲੋਕ ਸਭਾ ਹਲਕੇ ਤੋਂ ਚੋਣ ਹਾਰਨ ਦੇ ਬਾਅਦ ਪਹਿਲੀ ਵਾਰ ਇੱਥੇ ਪਹੁੰਚੇ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨਾਲ ਸਮੀਖਿਆ ਬੈਠਕ ਵਿੱਚ ਕਿਹਾ ਕਿ ਅਮੇਠੀ ਉਨ੍ਹਾਂ ਦਾ ਘਰ ਹੈ ਅਤੇ ਉਹ ਇਸ ਨੂੰ ਕਦੇ ਨਹੀਂ ਛੱਡ ਸਕਣਗੇ।
ਅੱਜ ਦੀ ਇਸ ਬੈਠਕ ਵਿੱਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਦੀਮ ਅਸ਼ਰਫ ਜਾਇਸੀ ਦੇ ਦੱਸਿਆ ਕਿ ਰਾਹੁਲ ਗਾਂਧੀ ਨੇ ਕਿਹਾ, &lsquoਅਮੇਠੀ ਮੇਰਾ ਘਰ-ਪਰਿਵਾਰ ਹੈ। ਮੈਂ ਅਮੇਠੀ ਨਹੀਂ ਛੱਡਾਂਗਾ। ਮੈਂ ਅਤੇ ਪ੍ਰਿਅੰਕਾ ਇੱਥੇ ਆਉਂਦੇ ਰਹਾਂਗੇ।'' ਜਾਇਸੀ ਦੇ ਦੱਸਣ ਮੁਤਾਬਕ ਰਾਹੁਲ ਗਾਂਧੀ ਨੇ ਕਿਹਾ ਕਿ ਭਾਵੇਂ ਮੈਂ ਵਾਇਨਾਡ ਦਾ ਪਾਰਲੀਮੈਂਟ ਮੈਂਬਰ ਹਾਂ, ਪਰ ਅਮੇਠੀ ਨਾਲ ਸਾਡਾ ਤਿੰਨ ਪੀੜ੍ਹੀਆਂ ਦਾ ਰਿਸ਼ਤਾ ਹੈ। ਮੈਂ ਅਮੇਠੀ ਦੀ ਲੜਾਈ ਦਿੱਲੀ ਤੋਂ ਵੀ ਲੜਦਾ ਰਹਾਂਗਾ। ਉਨ੍ਹਾ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਵਰਕਰਾਂ ਨੇ ਕੰਮ ਕੀਤਾ, ਪਰ ਸਥਾਨਕ ਨੇਤਾ ਜਨਤਾ ਤੋਂ ਦੂਰ ਰਹਿਣ ਕਾਰਨ ਹਾਰ ਗਏ, ਉਂਜ ਚੋਣਾਂ ਵਿਚ ਹਾਰ-ਜਿੱਤ ਹੁੰਦੀ ਰਹਿੰਦੀ ਹੈ, ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਇਸ ਮੌਕੇ ਪਾਰਟੀ ਵਰਕਰਾਂ ਨੇ ਵੀ ਇਕ ਸੁਰ ਵਿਚ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਵਾਸਤੇ ਕਿਹਾ।
ਅਮੇਠੀ ਦੇ ਬਦਲੇ ਹੋਏ ਮਾਹੌਲ ਵਿਚ ਹੋਈ ਰਾਹੁਲ ਗਾਂਧੀ ਦੀ ਅੱਜ ਵਾਲੀ ਬੈਠਕ ਵਿੱਚ ਜ਼ਿਲਾ ਕਾਂਗਰਸ ਕਮੇਟੀ ਦੇ ਅਹੁਦੇਦਾਰ, ਪਾਰਟੀ ਦੇ ਸਾਰੇ ਬਲਾਕ ਤੇ ਬੂਥ ਯੂਨਿਟਾਂ ਦੇ ਅਹੁਦੇਦਾਰ ਵੀ ਸ਼ਾਮਲ ਸਨ। ਕਰੀਬ ਤਿੰਨ ਘੰਟੇ ਚੱਲਣ ਵਾਲੀ ਬੈਠਕ ਨੂੰ ਮਸਾਂ 50 ਮਿੰਟ ਵਿੱਚ ਖਤਮ ਕਰਨ ਪਿੱਛੋਂ ਰਾਹੁਲ ਗਾਂਧੀ ਰਾਏਬਰੇਲੀ ਜ਼ਿਲੇ ਦੇ ਛਤੋਹ ਬਲਾਕ ਦੇ ਦੋ ਪਿੰਡਾਂ ਦਾ ਦੌਰਾ ਕਰਨ ਚਲੇ ਗਏ। ਵਰਨਣ ਯੋਗ ਹੈ ਕਿ ਰਾਹੁਲ ਗਾਂਧੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਅਮੇਠੀ ਦੇ ਨਾਲ ਕੇਰਲਾ ਦੀ ਵਾਇਨਾਡ ਸੀਟ ਤੋਂ ਚੋਣ ਲੜੀ ਸੀ, ਜਿੱਥੋਂ ਉਹ ਪਾਰਲੀਮੈਂਟ ਮੈਂਬਰ ਚੁਣੇ ਗਏ ਸਨ, ਪਰ ਪੀੜ੍ਹੀਆਂ ਤੋਂ ਗਾਂਧੀ-ਨਹਿਰੂ ਪਰਿਵਾਰ ਦੇ ਗੜ੍ਹ ਰਹੇ ਅਮੇਠੀ ਵਿਚ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਤੋਂ 55,000 ਤੋਂ ਵਧ ਵੋਟਾਂ ਨਾਲ ਹਾਰ ਮਿਲੀ ਸੀ, ਜਿਸ ਪਿੱਛੋਂ ਰਾਹੁਲ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ।