image caption: ਤਸਵੀਰਾਂ: 'ਅਰਦਾਸ ਕਰਾਂ' ਫਿਲਮ ਦੀ ਹੀਰੋਇਨ ਸਪਨਾ ਪੱਬੀ ਇਕ ਮੁਲਾਕਾਤ ਦੌਰਾਨ ਅਤੇ ਫਿਲਮ ਦੇ ਇਕ ਦ੍ਰਿਸ਼ ਵਿੱਚ

ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਦੇ ਯੂ ਕੇ ਵਿੱਚ ਹਾਊਸ ਫੁੱਲ

ਬ੍ਰਮਿੰਘਮ (ਪੰਜਾਬ ਟਾਈਮਜ਼) - ਨਵੀਂ ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਅੱਜਕਲ੍ਹ ਯੂ ਕੇ ਦੇ ਸਿਨੇਮਾ ਘਰਾਂ ਵਿੱਚ ਚੱਲ ਰਹੀ ਹੈ । ਫ਼ਿਲਮ ਦੇ ਪ੍ਰੀਮੀਅਰ ਦੌਰਾਨ ਬ੍ਰਮਿੰਘਮ ਦੇ ਸਟਾਰ ਸਿਟੀ ਸਿਨੇਮਾ ਵਿੱਚ ਇਹ ਫ਼ਿਲਮ ਦੇਖਣ ਦਾ ਮੌਕਾ ਮਿਲਿਆ । ਇੰਨੇ ਕੁ ਦਰਸ਼ਕ ਫ਼ਿਲਮ ਦੇਖਣ ਪਹੁੰਚੇ ਸਨ ਕਿ ਸੀਟਾਂ ਨਹੀਂ ਮਿਲ ਰਹੀਆਂ ਸਨ, ਬਹੁਤ ਸਾਰੇ ਵਿਚਕਾਰ ਉਪਰ ਨੂੰ ਜਾਂਦੀਆਂ ਪੌੜੀਆਂ ਵਿੱਚ ਹੀ ਬੈਠ ਗਏ ਤੇ ਬਹੁਤ ਸਾਰੇ ਖੜ੍ਹੇ ਹੀ ਦੇਖ ਰਹੇ ਸਨ । ਜਿਸ ਤੋਂ ਪਤਾ ਚੱਲਦਾ ਸੀ ਕਿ ਇਸ ਫ਼ਿਲਮ ਨੂੰ ਦੇਖਣ ਲਈ ਲੋਕ ਬੜੇ ਉਤਾਵਲੇ ਹਨ । ਪ੍ਰੀਮੀਅਰ ਸਮੇਂ ਫ਼ਿਲਮ ਦੀ ਹੀਰੋਇਨ ਸਪਨਾ ਪੱਬੀ ਨਾਲ ਵੱਖ ਵੱਖ ਮੀਡੀਆ ਵੱਲੋਂ ਮੁਲਾਕਾਤਾਂ ਕੀਤੀਆਂ ਤੇ ਤਸਵੀਰਾਂ ਲਈਆਂ ਗਈਆਂ ।
  ਗਿੱਪੀ ਗਰੇਵਾਲ ਦੀ ਇਹ ਫ਼ਿਲਮ ਬਿਲਕੁਲ ਪਰਿਵਾਰਕ ਫ਼ਿਲਮ ਹੈ । ਜਿਵੇਂ ਕਿ ਫ਼ਿਲਮ ਦੇ ਨਾਂ ਤੋਂ ਇੰਝ ਲਗਦਾ ਹੈ ਕਿ ਸ਼ਾਇਦ ਇਹ ਫ਼ਿਲਮ ਕੋਈ ਇਤਿਹਾਸਕ ਫ਼ਿਲਮ ਹੋਵੇ ਜਾਂ ਕਿਸੇ ਇਤਿਹਾਸਕ ਪੱਖ ਨੂੰ ਲੈ ਕੇ ਬਣਾਈ ਗਈ ਹੋਵੇ । ਪਰ ਅਜਿਹਾ ਨਹੀਂ ਹੈ, ਇਹ ਕੋਈ ਇਤਿਹਾਸਕ ਫ਼ਿਲਮ ਨਹੀਂ ਹੈ, ਇਤਿਹਾਸ ਤੋਂ ਸਬਕ ਲੈਣ ਦੀ ਗੱਲ ਜ਼ਰੂਰ ਇਸ ਦੇ ਪਾਤਰਾਂ ਨੇ ਕੀਤੀ ਹੈ । ਫ਼ਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਸਪਨਾ ਪੱਬੀ, ਜਪਜੀ ਖਹਿਰਾ, ਮੇਹਰ ਵਿਜ ਅਤੇ ਸ਼ਿੰਦਾ ਗਰੇਵਾਲ (ਬੱਚੇ ਦਾ ਰੋਲ ਕਰਨ ਵਾਲਾ) । ਬਿਲਕੁਲ ਪਰਿਵਾਰਕ ਫ਼ਿਲਮ ਹੈ, ਛੋਟੇ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਫ਼ਿਲਮ ਇਕੱਠੇ ਬੈਠ ਕੇ ਵੇਖ ਸਕਦੇ ਹਨ । ਸੁਨੇਹਾ ਬਹੁਤ ਹੀ ਵਧੀਆ ਦਿੱਤਾ ਗਿਆ ਹੈ । ਪੀੜੀ੍ਹ ਪਾੜੇ ਕਾਰਨ ਵੱਡਿਆਂ ਤੇ ਛੋਟਿਆਂ ਦਰਮਿਆਨ ਵਧਦੀ ਦੂਰੀ ਨੂੰ ਮਿਟਾਉਣ ਦਾ ਯਤਨ ਵੀ ਹੈ । ਹਾਸੇ ਠੱਠੇ ਨਾਲ ਮਨੋਰੰਜਨ ਵੀ ਹੈ, ਤੇ ਸਿੱਖਿਆ ਬਹੁਤ ਵਧੀਆ ਦਿੱਤੀ ਗਈ ਹੈ । ਫ਼ਿਲਮ ਇਹ ਸਾਰਾ ਹਫ਼ਤਾ ਯੂ ਕੇ ਸਿਨੇਮਾ ਘਰਾਂ ਵਿੱਚ ਚੱਲ ਰਹੀ ਹੈ । ਸਾਰੀ ਕਹਾਣੀ ਦੱਸਣੀ ਜਾਇਜ਼ ਨਹੀਂ ਸਿਨੇਮਾ ਵਿੱਚ ਜਾ ਕੇ ਫ਼ਿਲਮ ਦੇਖਣ ਵਿੱਚ ਹੀ ਮਜ਼ਾ ਹੈ । ਭਾਰਤੀ ਪੰਜਾਬ ਤੋਂ ਕਹਾਣੀ ਸ਼ੁਰੂ ਹੁੰਦੀ ਹੈ ਤੇ ਕੈਨੇਡਾ ਵਿੱਚ ਖਤਮ । ਘੁੱਗੀ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ । ਜੇ ਸਿੱਟਾ ਕੱਢੀਏ ਤਾਂ ਫ਼ਿਲਮ ਰਾਹੀਂ ਡਾਇਰੈਕਟਰ ਤੇ ਕਹਾਣੀਕਾਰ ਨੇ ਦੱਸਿਆ ਹੈ ਕਿ ਹਰ ਕੋਈ ਆਪਣੀ ਜਿੰਮਵਾਰੀ ਨਿਭਾਉਂਦਿਆਂ ਇਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਆਪਣੀ ਜ਼ਿੰਦਗੀ ਨੂੰ ਮਾਣ ਸਕਦਾ ਹੈ । ਕਈ ਵਾਰ ਦੂਜਿਆਂ ਤੋਂ ਕੁਝ ਵੱਧ ਉਮੀਦਾਂ ਰੱਖ ਕੇ ਇਨਸਾਨ ਦੁੱਖ ਦੇ ਆਲਮ ਵਿੱਚ ਐਵੇਂ ਹੀ ਚਲਾ ਜਾਂਦਾ ਹੈ । ਸੋ ਫ਼ਿਲਮ ਦੇਖਣ ਵਾਲੀ ਹੈ, ਕੋਈ ਵੀ ਸੀਨ ਤੁਹਾਨੂੰ ਸ਼ਰਮਸਾਰ ਨਹੀਂ ਕਰਦਾ ।