image caption:

ਬੱਚਿਆਂ ਨਾਲ ਆਈ ਐੱਮਪੀ ਨੂੰ ਕੀਨੀਆ ਦੀ ਸੰਸਦ 'ਚੋਂ ਕੀਤਾ ਬਾਹਰ

ਨੈਰੋਬੀ (ਏਪੀ) : ਕੀਨੀਆ ਦੀ ਸੰਸਦ ਨੈਸ਼ਨਲ ਅਸੈਂਬਲੀ 'ਚ ਬੀਤੇ ਬੁੱਧਵਾਰ ਨੂੰ ਇਕ ਅਣਕਿਆਸੀ ਘਟਨਾ ਹੋਈ। ਮਹਿਲਾ ਸੰਸਦ ਮੈਂਬਰ ਜੁਲੇਖਾ ਹਸਨ ਜਦੋਂ ਪੰਜ ਮਹੀਨੇ ਦੇ ਆਪਣੇ ਬੱਚੇ ਨੂੰ ਨਾਲ ਲੈ ਕੇ ਸੰਸਦ ਦੀ ਕਾਰਵਾਈ 'ਚ ਹਿੱਸਾ ਲੈਣ ਪੁੱਜੀ ਤਾਂ ਹੇਠਲੇ ਸਦਨ ਦੇ ਆਰਜੀ ਸਪੀਕਰ ਕ੍ਰਿਸਟੋਫਰ ਓਮੁਲੇਲੇ ਨੇ ਉਨ੍ਹਾਂ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ। ਸਪੀਕਰ ਦੇ ਇਸ ਆਦੇਸ਼ 'ਤੇ ਕਈ ਸੰਸਦ ਮੈਂਬਰਾਂ ਨੇ ਇਤਰਾਜ਼ ਪ੍ਰਗਟਾਇਆ ਤੇ ਮਹਿਲਾ ਸੰਸਦ ਮੈਂਬਰ ਨੂੰ ਕੱਢੇ ਜਾਣ 'ਤੇ ਵਿਰੋਧ ਪ੍ਰਦਰਸ਼ਨ ਕੀਤਾ।
ਸੰਸਦ ਮੈਂਬਰ ਜੁਲੇਖਾ ਨੇ ਦੱਸਿਆ ਕਿ ਬੱਚੇ ਨੂੰ ਬਾਹਰ ਰੱਖਣ ਦਾ ਇੰਤਜ਼ਾਮ ਨਾ ਹੋ ਸਕਣ ਕਾਰਨ ਉਨ੍ਹਾਂ ਨੇ ਉਸ ਨੂੰ ਆਪਣੇ ਨਾਲ ਲਿਆਉਣਾ ਸਹੀ ਸਮਿਝਆ। ਉਨ੍ਹਾਂ ਦੱਸਿਆ ਕਿ ਉਹ ਸੰਸਦ ਦੀ ਕਾਰਵਾਈ ਛੱਡਣਾ ਨਹੀਂ ਚਾਹੁੰਦੀ ਸੀ। ਮਹਿਲਾ ਸੰਸਦ ਮੈਂਬਰ ਨੂੰ ਸਪੀਕਰ ਨੇ ਇਹ ਕਹਿ ਕੇ ਜ਼ਬਰਦਸਤੀ ਬਾਹਰ ਨਿਕਲਣ ਦਾ ਆਦੇਸ਼ ਦਿੱਤਾ ਕਿ ਉਹ ਬਾਹਰ ਜਾ ਕੇ ਆਪਣੇ ਬੱਚੇ ਦਾ ਖ਼ਿਆਲ ਰੱਖਣ, ਸੰਸਦ ਦੀ ਜਗ੍ਹਾ ਇਸਦੇ ਲਈ ਨਹੀਂ ਹੈ। ਇਸ ਆਦੇਸ਼ ਦੇ ਵਿਰੋਧ 'ਚ ਕਈ ਸੰਸਦ ਮੈਂਬਰ ਸਦਨ ਤੋਂ ਬਾਹਰ ਚਲੇ ਗਏ।